ਲੱਖ ਵਾਰੀ ਪੜ੍ਹ ਲਏ ਨੇ ਫ਼ਲਸਫ਼ੇ ।
ਦੱਸਣੇ ਆਏ ਨਹੀਂ ਪਰ ਵਲਵਲੇ ।
ਤੂੰ ਪਤਾ ਨਹੀਂ ਕਦ ਮਿਲੇਂਗਾ ਆਣ ਕੇ,
ਹੁਣ ਖਿਆਲਾਂ ਵਿੱਚ ਉੱਠਣ ਜ਼ਲਜ਼ਲੇ ।
ਜ਼ਿੰਦਗੀ ਭਰ ਕਰਨੀਆਂ ਰੂਹਦਾਰੀਆਂ,
ਤਾਂ ਸ਼ੁਰੂ ਕਰ ਲੈ ਨਿਵੇਲੇ ਸਿਲਸਿਲੇ ।
ਜੇ ਦਿਲਾਂ ਦੇ ਵਿੱਚ ਹੋਵੇ ਨੇੜਤਾ,
ਅਰਥ ਫਿਰ ਰੱਖਣ ਨਾ ਕੋਈ ਫਾਸਲੇ ।
ਹੱਥ ਫੜ ਕੇ ਛੱਡੀਏ ਨਾ ਯਾਰ ਦਾ,
ਲੰਘਦੇ ਤਾਂ ਲੰਘ ਜਾਵਣ ਕਾਫਲੇ ।
ਸੋਚ ਵਿਚ ਹਵਸਾਂ ਛੁਪਾ ਕੇ ਦੋਸਤਾ,
ਇਸ਼ਕ ਵਿਚ ਮਿਲਦੇ ਕਦੇ ਨਾ ਦਾਖਲੇ ।
ਇਹ ਅਕਲ ਤੋਂ ਹੱਲ ਹੋਣੇ ਨਾ ਕਦੀ,
ਇਹ ਪੇਚੀਦਾ ਨੇ ਦਿਲਾਂ ਦੇ ਮਾਮਲੇ ।
ਜ਼ਿੰਦਗੀ ਦਾ ਸੱਚ ਆਖਿਰ ਮੌਤ ਹੈ,
ਪਰ ਮਰਾਂ ਨਾ ਮੈਂ ਬਿਨਾਂ ਤੈਨੂੰ ਮਿਲੇ ।