ਲੱਖਾਂ ਕੋਹ ਗੁਜ਼ਰਕੇ ਧਰਤੀ ।
ਆਈ ਸੜਕੇ ਠਰਕੇ ਧਰਤੀ ।
ਇਸ ਨੂੰ ਮਾਂ ਵੀ ਕਹਿਨਾਂ ਐਂ,
ਪਰ ਰਹਿੰਦੀ ਤੈਥੋਂ ਡਰਕੇ ਧਰਤੀ।
ਜਦ ਦੀ ਜੰਮੀ, ਮੈਂ ਨਈਂ ਸੁਣਿਆਂ,
ਸੁੱਤੀ ਨੀਂਦਰ ਭਰਕੇ ਧਰਤੀ।
ਨਸਦੇ ਹਫ਼ਦੇ ਲੋਕਾਂ ਕਾਰਣ,
ਹਰਦਮ ਹਰਪਲ਼ ਘਰਕੇ ਧਰਤੀ।
ਟੁੱਟੀ ਐ ਅਸਮਾਨੋਂ, ਜਾਂ ਫ਼ਿਰ
ਆਈ ਜਲ 'ਚੋਂ ਤਰਕੇ ਧਰਤੀ ।
ਵੱਢਣ, ਟੁੱਕਣ ਇਸਨੂੰ ਲੋਕੀ,
ਸਮਝਣ ! ਸਾਥੋਂ ਯਰਕੇ ਧਰਤੀ ।
ਤੈਨੂੰ ਜ਼ਿੰਦਾ ਰੱਖਣ ਦੇ ਲਈ,
ਜੀਂਦੀ ਐ ਮਰ ਮਰ ਕੇ ਧਰਤੀ ।
ਕੀਹ ਲੱਭਾ ਐ ਲੋਕਾਂ ਮੁਲਕਾਂ,
ਵਰਕੇ ਵਰਕੇ ਕਰਕੇ ਧਰਤੀ?
ਤੇਰੇ ਪੈਰ ਟਿਕਾਵਣ ਆਈ,
ਖ਼ੁਦ ਨੂੰ ਖ਼ੁਦ ਤੇ ਧਰਕੇ ਧਰਤੀ ।
ਤੇਰੇ ਉੱਡਣ ਖ਼ਾਤਰ ਬੈਠੀ,
ਅਪਣੇ ਖੰਭ ਕਤਰਕੇ ਧਰਤੀ ।
ਸਭ ਨੂੰ ਸੈਰ ਕਰਾਂਦੀ ਫਿਰਦੀ,
ਅਪਣੀ ਹਿੱਕੇ ਧਰਕੇ ਧਰਤੀ ।
ਮੋਈ ਹੁੰਦੀ ਜੀਂਦੀ ਜਾਪੇ,
ਫੁੱਲੀਂ ਖ਼ੁਸ਼ਬੋ ਭਰਕੇ ਧਰਤੀ ।
ਲੋਕੀ ਇਸਨੂੰ ਖਿਚਦੇ ਧੂੰਹਦੇ,
ਪੋਟਾ ਵੀ ਨਾ ਸਰਕੇ ਧਰਤੀ ।
'ਅਸ਼ਰਫ਼' ਹੜ੍ਹ ਆ ਜਾਂਦੇ ਨੇ ਜਦ,
ਰੋਵੇ ਹੰਝੂ ਭਰਕੇ ਧਰਤੀ ।