ਕਿਸਾਨੋ ! ਕਿਰਤੀਓ !! ਕਿਰਤਾਂ ਲੁਟਾਵਣ ਵਾਲਿਓ

ਅਣਦਿਸਦੇ, ਡੁੱਲਦੇ ਲਹੂ ਨੂੰ, ਠੱਲ੍ਹਾਂ ਲਗਾਵਣ ਵਾਲਿਓ

ਵਤਨ ਨੂੰ ਹੁਣ ਫੇਰ ਖ਼ੂਨੀ, ਰੰਗਤਾਂ ਦੀ ਲੋੜ ਹੈ

ਦਸਮੇਸ਼ ਦੀ ਤਲਵਾਰ ਨੂੰ, ਹੁਣ ਸੰਗਤਾਂ ਦੀ ਲੋੜ ਹੈ

ਵਤਨ ਦੇ ਆਸ਼ਕੋ, ਮੰਜ਼ਲ ਬੜੀ ਦੂਰਾਂ ਦੀ ਹੈ

ਹਰ ਕਦਮ ਤੇ ਫਾਂਸੀਆਂ, ਹੁਣ ਲੋੜ ਮਨਸੂਰਾਂ ਦੀ ਹੈ

ਫ਼ਿਰਕਿਆਂ ਦਾ ਮਾਂਦਰੀ, ਅੱਜ ਫੇਰ ਟੂਣੇ ਕਰ ਰਿਹਾ

ਅੱਜ ਕਿਰਤ ਦਾ ਦੇਵਤਾ, ਆਪੋ 'ਚ ਲੜ ਕੇ ਮਰ ਰਿਹਾ

ਵਿਹਲੜਾਂ ਦਾ ਵੱਗ ਆ, ਸਾਡੀ ਅੰਗੂਰੀ ਕਿਓਂ ਚਰੇ

ਨਫ਼ਰਤਾਂ ਦੇ ਸੇਕ ਨਾਲ, ਸਾਡਾ ਮੁੜ੍ਹਕਾ ਕਿਓਂ ਸੜੇ

'ਰੌਣ' ਦੇ ਹੱਥੀਂ ਹੈ 'ਸੀਤਾ', ਫੇਰ ਪਕੜਾਈ ਗਈ

ਆਤਮਾ ਦੀ ਲਾਸ਼ ਹੁਣ ਤਾਂ, ਫੇਰ ਦਫ਼ਨਾਈ ਗਈ

'ਦਰੋਪਤੀ' 'ਦੁਰਯੋਧਨਾਂ' ਦਾ ਚਿੱਤ ਹੈ ਪਰਚਾ ਰਹੀ

ਪਰ ਦੇਖਦੀ ਅਰਜਨ ਦੀ ਅੱਖ, ਅਣਡਿੱਠ ਕਰਦੀ ਜਾ ਰਹੀ

ਹਾੜ੍ਹੀਆਂ ਤੇ ਸੌਣੀਆਂ ਦੀ, ਸੌਂਹ ਕਿਸਾਨੋ, ਕਾਮਿਓ

ਗੈਂਤੀਆਂ ਤੇ ਤੇਸਿਆਂ ਦੀ, ਸੌਂਹ ਹੱਕਾਂ ਦੇ ਹਾਮੀਓ

ਜੁੱਸਿਆਂ ਵਿਚ ਅਣਖ ਦਾ ਸਾਹ, ਭਰਨ ਦੀ ਬੱਸ ਲੋੜ ਹੈ

ਤੇ ਤਾਣ ਸੀਨਾ ਜ਼ੁਲਮ ਅੱਗੇ, ਖੜਨ ਦੀ ਬੱਸ ਲੋੜ ਹੈ

ਜ਼ੁਲਮ ਨਾ ਸਹਿਣਾ ਇਹ, ਸਚੇ ਰੱਬ ਦੀ ਹੈ ਬੰਦਗੀ

ਤੇ ਸਚ ਲਈ ਮਰਕੇ ਹੈ, ਮਿਟ ਜਾਣਾ ਹੀ ਅਸਲੀ ਜ਼ਿੰਦਗੀ

📝 ਸੋਧ ਲਈ ਭੇਜੋ