ਲਲਕਾਰ-ਮਜ਼ਦੂਰ ਦੇ ਨਾਂ !

ਲੋਕੋ ਬਾਜ਼ ਜਾਓ ! ਝੂਠੇ ਲੀਡਰਾਂ ਤੋਂ,

ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣੈਂ

ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨੀ,

ਇਹਨਾਂ ਥੋਨੂੰ ਵੀ ਵੇਚ ਕੇ ਖਾ ਛੱਡਣੈਂ

ਕਾਰਖ਼ਾਨਿਆਂ ਦੀਆਂ ਕਾਲ਼ੀਆਂ ਚਿਮਨੀਆਂ 'ਚੋਂ,

ਸਾਡੇ ਵਲਵਲੇ ਨਿਕਲਦੇ ਧੂੰ ਬਣ ਕੇ

ਅਫ਼ਸਰਸ਼ਾਹੀ ਦੀ ਕਾਰ ਦੇ ਵੇਗ ਮੂਹਰੇ,

ਸਾਡੇ ਉਡਦੇ ਅਰਮਾਨ ਨੇ ਰੂੰ ਬਣ ਕੇ

ਅਸੀਂ ਆਪਣਾ ਸਮਝ ਕੇ ਵੋਟ ਪਾਈ,

ਇਹਨਾਂ ਵੋਟ ਦਾ ਸਿਲਾ ਵੀ ਤਾਰਿਆ ਨਾ

ਸਾਨੂੰ ਮਹਿੰਗ ਉਬਾਲਿਆ ਦੁੱਧ ਵਾਗੂੰ,

ਇਹਨਾਂ ਪਾਣੀ ਦਾ ਛੱਟਾ ਵੀ ਮਾਰਿਆ ਨਾ

ਇਹ ਦੇਸ਼ ਦੀ ਪੂੰਜੀ ਨੂੰ ਨਾਗ ਬਣ ਕੇ,

ਆਪੂੰ ਸਾਂਭ ਲੈਂਦੇ ਆਪੂੰ ਖੱਟ ਜਾਂਦੇ

ਵਾਅਦੇ ਕਰਦੇ ਨੇ ਕੱਚੇ ਮਹਿਬੂਬ ਵਾਂਗੂ,

ਆਪੇ ਥੁੱਕ ਕੇ ਤੇ ਆਪੇ ਚੱਟ ਜਾਂਦੇ

ਸੀਨਾ-ਜ਼ੋਰੀਆਂ ਨੇ ਹਿਰਦੇ ਸਾੜ ਸੁੱਟੇ,

ਸੜਿਆਂ ਹੋਇਆਂ ਦੀ ਆਓ ਸੰਭਾਲ ਕਰੀਏ

ਜਿਹਨੂੰ ਰਾਠ ਉਧਾਲ ਕੇ ਲੈ ਗਏ ਨੇ,

ਆਪਣੀ ਕਿਸਮਤ ਦੀ ਮੁੱਢੋਂ ਪੜਤਾਲ ਕਰੀਏ

ਕੁੱਤੇ ਜਿਹੀ ਇਨਸਾਨ ਦੀ ਕਦਰ ਹੈ ਨਾ,

ਅੱਗੋਂ ਮੰਗਦੇ ਨੇ ਸਾਥੋਂ ਵਫ਼ਾਦਾਰੀ

ਜਾਂ ਤਾਂ ਅਸੀਂ ਹੀ ਰਹਾਂਗੇ ਦੇਸ਼ ਅੰਦਰ,

ਜਾਂ ਫਿਰ ਰਹੇਗੀ ਇੱਥੇ ਸਰਮਾਏਦਾਰੀ

ਅਸੀਂ ਆਪਣਿਆਂ ਢਿੱਡਾਂ ਦੀ ਮੰਗ ਲੈ ਕੇ,

ਨਿੱਤਰ ਆਏ ਹਾਂ ਏਕੇ ਦੀ ਲਾਮ ਉੱਤੇ

ਲਾਰੇ ਵੇਖ ਕੇ ਇਹਨਾਂ ਮੁਸਾਹਿਬਾਂ ਦੇ,

ਨੀਝ ਲੱਗੀ ਹੁਣ ਤਾਂ ਸੰਗਰਾਮ ਉੱਤੇ

ਜੇਕਰ ਅੱਜ ਨਾ ਹੱਕਾਂ ਦੀ ਗੱਲ ਕੀਤੀ,

ਸਾਰੇ ਬੱਚਿਆਂ ਦੇ ਵਿਹਨੈਂ ਚੋਹਲ ਜਲਦੇ

ਖੇਤਾਂ ਵਿੱਚ ਕਿਸਾਨ ਦੇ ਬੋਹਲ ਜਲਦੇ,

ਮੇਰੇ ਗੀਤ ਜਲਦੇ, ਮੇਰੇ ਘੋਲ ਜਲਦੇ

📝 ਸੋਧ ਲਈ ਭੇਜੋ