ਲੰਮੇ ਲੰਮੇ ਵਾਲ਼ ਸਿਰਹਾਣੇ ਉੱਤੇ

ਲੰਮੇ ਲੰਮੇ ਵਾਲ਼ ਸਿਰਹਾਣੇ ਉੱਤੇ 

ਖਿੱਲਰੇ ਪਏ ਸਨ ਜਾਲ ਸਿਰਹਾਣੇ ਉੱਤੇ

ਲੱਗਦਾ ਸੀ ਕੋਈ ਚੰਨ ਅਸਮਾਨੋਂ ਲੱਥਾ

ਉਸਦਾ ਮੁੱਖੜਾ ਲਾਲ ਸਿਰਹਾਣੇ ਉੱਤੇ

ਰੁੱਤਾਂ ਰੰਗ ਬਿਰੰਗੇ ਫੁੱਲ ਬਣਾਵਣ

ਕਿੰਨੀਆਂ ਰੀਝਾਂ ਨਾਲ਼ ਸਿਰਹਾਣੇ ਉੱਤੇ

ਸੌਂਦੇ ਨਈਂ ਨੇ ਸੜਿਆਂ ਲੇਖਾਂ ਵਾਲ਼ੇ 

ਮਾੜੇ ਘਰ ਦੇ ਬਾਲ ਸਿਰਾਹਣੇ ਉੱਤੇ

ਬੈਠੇ ਰਹਿੰਦੇ ਸੋਚਾਂ ਦੇ ਸੱਪ ਕਾਲ਼ੇ 

ਪੂਰਾ ਪੂਰਾ ਸਾਲ ਸਿਰਹਾਣੇ ਉੱਤੇ

ਰੱਖ ਦਿੰਦੀ ਸੀ ਮਾਂ ਦੀ ਲੋਰੀ ਭਰ ਕੇ 

ਨੀਂਦਾਂ ਵਾਲ਼ੇ ਥਾਲ਼ ਸਿਰਹਾਣੇ ਉੱਤੇ

📝 ਸੋਧ ਲਈ ਭੇਜੋ