ਲੰਮੇ ਵਾਲ ਮੇਰੇ ਸੋਹਣਿਆ ।
ਨਾਲੇ ਦੱਸਾਂ ਤੇ ਨਾਲੇ ਸ਼ਰਮਾਵਾਂ ।
ਵੇ ਲੈ ਦੇ ਪਰਾਂਦਾ ਹਾਣੀਆਂ ।
ਤੈਨੂੰ ਤੁਰ ਕੇ ਮੈਂ ਤੋਰ ਦਿਖਾਵਾਂ ।
ਲੰਮੇ ਵਾਲ ਮੇਰੇ ਸੋਹਣਿਆ ।
ਰੀਝਾਂ ਨਾਲ ਮਾਂ ਪਾਲੇ ਸੋਹਣਿਆ ।
ਨਾਲ ਲੱਸੀ ਇਸ਼ਨਾਨ ਕਰਾਵਾਂ ।
ਦੱਸਦੀ ਨੂੰ ਸੰਗ ਲੱਗਦੀ ।
ਕਿ ਮੈਂ ਇਹਨਾਂ ਤੋਂ ਬਲਿਹਾਰੀ ਜਾਵਾਂ ।
ਲੰਮੇ ਵਾਲ ਮੇਰੇ ਸੋਹਣਿਆ ।
ਲੱਕੜ ਦੀ ਕੰਘੀ ਨਾਲ ਵੇ ।
ਨਾਲੇ ਵਾਹਵਾਂ ਤੇ ਨਾਲੇ ਸ਼ਰਮਾਵਾਂ ।
ਵਲ ਕੱਢਾਂ ਡਰ ਡਰ ਕੇ ।
ਕਿਤੇ ਉਲਝ ਨਾ ਬਣਨ ਜੜਾਵਾਂ
ਲੰਮੇ ਵਾਲ ਮੇਰੇ ਸੋਹਣਿਆ ।
ਕੈਂਚੀ ਕੋਲੋਂ ਦੂਰ ਰੱਖ ਕੇ ।
ਨਾਲ ਉਂਗਲਾਂ ਚਿੜਾਂ ਸੁਲਝਾਵਾਂ ।
ਕੁਝ ਚਿੱਟੇ, ਕੁਝ ਕਾਲੇ ਸੋਹਣਿਆ ।
ਜਿਵੇ ਬੱਦਲਾਂ ਦੇ ਵਿੱਚ ਘਟਾਵਾਂ ।
ਲੰਮੇ ਵਾਲ ਮੇਰੇ ਸੋਹਣਿਆ ।
ਗੁੱਤ ਮੇਰੀ ਲੱਗੇ ਨਾਗਣੀ ।
ਨਾਲੇ ਤੁਰਾਂ ਤੇ ਨਾਲੇ ਸ਼ਰਮਾਵਾਂ ।
ਕਿ ਸੋਹਣਿਆ ਦੀ ਨਜ਼ਰ ਚੜ੍ਹੇ ।
ਉਹਨਾਂ ਲੈ ਲਈਆਂ ਮੇਰੇ ਨਾਲ ਲਾਵਾਂ ।
ਲੰਮੇ ਵਾਲ ਮੇਰੇ ਸੋਹਣਿਆ ।
ਦੱਸ ਮੈਨੂੰ ਤੂੰ ਸੋਹਣਿਆ ।
ਕਿਉਂ ਇਹਨਾਂ ਦੇ ਮੈਂ ਸਦਕੇ ਨਾ ਜਾਵਾਂ ।
ਜਿੰਨ੍ਹਾਂ ਨੂੰ ਤੂੰ ਤੱਕ ਰਿਹਾ ਏਂ ।
ਪਾਲੇ ਮਾਵਾਂ ਠੰਡੜੀਆਂ ਛਾਵਾਂ ਲੰਮੇ ਵਾਲ ਮੇਰੇ ਸੋਹਣਿਆ ।