ਲੰਘੀਆਂ ਨੇ ਸਿਰ 'ਤੋਂ ਭਾਵੇਂ ਜ਼ੁਲਮ ਦੀਆਂ ਗੱਡੀਆਂ

ਲੰਘੀਆਂ ਨੇ ਸਿਰ 'ਤੋਂ ਭਾਵੇਂ ਜ਼ੁਲਮ ਦੀਆਂ ਗੱਡੀਆਂ

ਸੱਚ ਆਖਣ ਵਾਲੀਆਂ ਮੈਂ ਆਦਤਾਂ ਨਹੀਂ ਛੱਡੀਆਂ

ਜ਼ੁਲਮ ਨੇ ਅੱਜ ਫੇਰ ਉਹਦੇ ਜ਼ਰਫ਼ਾਂ ਨੂੰ ਲਲਕਾਰਿਆ,

ਜਿਸ ਦੇ ਅੱਗੇ ਵੇਲਿਆਂ ਗਿਣ-ਗਿਣ ਲਕੀਰਾਂ ਕੱਢੀਆਂ

ਆਸ ਦਾ ਸੂਰਜ ਪਤਾ ਨਹੀਂ ਪੁੰਘਰੇਗਾ ਕਿਸ ਘੜੀ,

ਪਾਗ਼ਲਾਂ ਦੇ ਵਾਂਗ ਦੇਖਾਂ ਰੋਜ਼ ਚੁੱਕ-ਚੁੱਕ ਅੱਡੀਆਂ

ਸੋਚ ਦੇ ਵੇਲੇ ਸੀ ਜਿਹੜੇ ਨੀਂਦਰਾਂ ਨੇ ਖੋਹ ਲਏ,

ਮਿੱਲ ਦੇ ਵਿੱਚ ਕੰਮ ਕਰ-ਕਰ ਚੂਰ ਹੋਈਆਂ ਹੱਡੀਆਂ

ਮੈਂ ਵੀ ਆਂ ਮਕਰੂਜ਼, ਮੇਰਾ ਬਾਪ ਵੀ ਮਕਰੂਜ਼ ਸੀ,

ਮੇਰੀਆਂ ਸੋਚਾਂ ਨੇ ਮੇਰੀ ਉਮਰ ਤੋਂ ਵੀ ਵੱਡੀਆਂ

ਵਕਤ ਦਾ 'ਈਸਾ' 'ਸਲੀਮ' ਅੱਜ ਮੁਸ਼ਕਿਲਾਂ ਵਿੱਚ ਘਿਰ ਗਿਆ,

ਸੋਚ ਨੇ ਉਸ ਵਾਸਤੇ ਥਾਂ ਥਾਂ ਸਲੀਬਾਂ ਗੱਡੀਆਂ

📝 ਸੋਧ ਲਈ ਭੇਜੋ