ਰਾਹਾਂ ਦੇ ਸੌਦਾਗਰ ਲੱਦ ਚੱਲੇ
ਮੋਢਿਆਂ ਉੱਤੇ ਮੰਜ਼ਿਲਾਂ ਦੇ ਇਸ਼ਕ ਦਾ ਭਾਰ
ਪੈਰਾਂ ਦੀ ਗਰਦਿਸ਼ ਕਰਦੀ ਇਕਰਾਰ
ਕੰਬਦਾ ਮਹਿਲਾਂ ਮਾੜੀਆਂ ਦਾ ਝੂਠ
ਮੰਦੇ ਪੈਂਦੇ ਸਭੇ ਕੂੜ ਵਪਾਰ ।
ਰਾਹਾਂ ਦੇ ਸੌਦਾਗਰ ਲੱਦ ਚੱਲੇ
ਪੈਰਾਂ ਵਿਚ ਸੰਗਲਾਂ ਦਾ ਗੀਤ
ਅੱਖਾਂ ਵਿਚ ਕਰੋੜਾਂ ਅੱਖਾਂ ਦੀ ਪ੍ਰੀਤ
ਹੋਠਾਂ ਉੱਤੇ
ਅਣਗਿਣਤ ਹੋਠਾਂ ਦਾ ਜਖ਼ਮੀਂ ਰਾਗ
ਸੂਹੇ ਦਿਨਾਂ ਦਾ ਵਿਰਾਗ
ਇੱਕ ਕੂਕ, ਇੱਕ ਪੁਕਾਰ
ਤੇ ਪੜਾਅ
ਸੂਲੀਆਂ, ਗੋਲੀਆਂ, ਉੱਖੜੇ ਸਾਹ
ਤੇ ਪੜਾਅ
ਔਖੀਆਂ ਰਾਹਾਂ ਦੀ ਦਰਗਾਹ ।
ਇਥੇ ਕੁਰਬਾਨ ਕਰੋ
ਇਕਰਾਰਾਂ ਦੀ ਜੀਉਂਦੀ ਜਾਗਦੀ ਕਿਤਾਬ
ਇਥੇ ਕੁਰਬਾਨ ਕਰੋ
ਉਮਰਾਂ ਦੀ ਕਮਾਈ ਦਾ ਹਿਸਾਬ
ਤੇ ਵੰਡੋ
ਨਜ਼ਮ ਦੀ ਹਵਾ ਨਾਲ ਵਹਿੰਦੀ
ਸੁਗੰਧ ਬਾਗ਼ੀ ਜਵਾਨੀਆਂ ਦੀ
ਤੇ ਜੰਗ ਕੋਲੋਂ ਖੋਹ ਕੇ ਮੋੜ ਦਿਓ
ਮਾਵਾਂ ਦੀਆਂ ਛਾਤੀਆਂ ਨੂੰ
ਭਰਾਵਾਂ ਦੀਆਂ ਬਾਹਵਾਂ ਨੂੰ
ਉਹਨਾਂ ਦੀਆਂ ਦੋਸਤੀਆਂ
ਉਹਨਾਂ ਦਾ ਪਿਆਰ
ਮੰਜ਼ਿਲਾਂ ਦੇ ਇਸ਼ਕ ਦਾ ਭਾਰ
ਇੱਕ ਸਾਜ਼
ਤੇ ਆਵਾਜ਼
ਜਿਵੇਂ ਉਹਦੇ ਦੁਖਦੇ ਹੋਂਠ
ਦਰਦ ਦੀਆਂ ਮਿਸ਼ਾਲਾਂ ਦਾ ਗੀਤ ਛੂੰਹਦੇ
ਤੇ ਉਹਦੀਆਂ ਜਾਗਦੀਆਂ ਅੱਖਾਂ ਵਿਚ
ਧਰਤੀ ਮਾਂ ਦੇ ਮਿਹਰ ਦੀ ਅੱਗ ਭੜਕਦੀ
ਤੇ ਇਸ ਅੱਗ ਦਾ ਗੀਤ
ਅੱਜ ਸਾਰੇ ਜੱਗ ਦਾ ਗੀਤ
ਰਾਹੀਆ ਵੇ! ਜੀਉਂਦਾ ਰਹਿਸੀ ਤੇਰਾ
ਪਿਆਰ
ਤੂੰ ਪੂਰੇ ਕੀਤੇ ਸੱਭੇ ਕੌਲ-ਕਰਾਰ
ਮਾਹੀਆ ਵੇ ।