ਲੈਨਿਨ ਦੇ ਨਾਂ

ਸੱਜਣਾ ! ਸੂਹਾ ਸੂਹਾ ਤੇਰਾ ਵੇ ਗਰਾਂ

ਤੇਰੇ ਪਿੰਡ ਵਿੱਚ ਭੁੱਖੀ ਮਰਦੀ ਨਾ ਵੇਖੀ ਵੇ ਮੈਂ,

ਕਿਸੇ ਬੱਚੜੂ ਦੀ ਅੰਨ੍ਹੀ ਮਾਂ

ਮੇਰੇ ਪਿੰਡ ਵਿਚ ਕੋਈ ਕਾਮਿਆਂ ਦੇ ਪਿੰਡਿਆਂ ਤੋਂ,

ਆਰਾਂ ਦਾ ਵੀ ਲਹੂ ਪੂੰਝੇ ਨਾ

ਤੇਰੇ ਪਿੰਡ ਬਾਜ ਵੀ ਬਟੇਰਿਆਂ ਦੀ ਡਾਰ ਮੂਹਰੇ,

ਹਾਰ ਗੋਡੇ ਟੇਕਿਆ ਕਰੇ

ਮੇਰੇ ਪਿੰਡ ਅੱਗ ਵੇ ਮਚਾ ਕੇ ਸੁਹਲ ਕਲੀਆਂ ਦੀ,

ਸੱਥ ਸਾਰੀ ਸੇਕਿਆ ਕਰੇ

ਮੇਰੇ ਪਿੰਡ ਸਾਰੇ ਹੀ ਕਸਾਈ ਰਾਜੇ ਵਸਦੇ ਤੇ,

ਕੁੱਤੇ ਹੈ ਮੁਕੱਦਮਾਂ ਦਾ ਨਾਂ

ਸੱਜਣਾ ! ਸੂਹਾ ਸੂਹਾ ਤੇਰਾ ਵੇ ਗਰਾਂ

ਤੇਰੇ ਪਿੰਡ ਵਿਚ ਰੱਬ, ਖੇਤਾਂ ਦਿਆਂ ਬੱਚਿਆਂ 'ਤੇ,

ਪਾਹਰੂ ਬਣ ਭੌਂ ਜਾਇਆ ਕਰੇ

ਮੇਰੇ ਪਿੰਡ ਬੋਹਲਾਂ ਦੇ ਵਿਚਾਲੇ ਟੋਲਾ ਕਾਮਿਆਂ ਦਾ,

ਭੁੱਖਿਆਂ ਹੀ ਸੌਂ ਜਾਇਆ ਕਰੇ

ਮੇਰੇ ਪਿੰਡ ਕਲਾ ਦਿਆਂ ਬੁੱਲ੍ਹਾਂ 'ਤੇ ਮਲ੍ਹਾਰ ਭਾਵੇਂ,

ਢਿੱਡ ਵਿਚ ਰੋਟੀ ਤੇ ਸੁਰਾਂ

ਸੱਜਣਾ ! ਸੂਹਾ ਸੂਹਾ ਤੇਰਾ ਵੇ ਗਰਾਂ

ਤੇਰੇ ਪਿੰਡ ਇਕ ਦੇ ਜੇ ਸੂਲ ਚੁੱਭੇ ਸਾਰਾ ਪਿੰਡ,

ਡਾਹਢਾ ਚਮਲਾਇਆ ਵੇ ਕਰੇ

ਮੇਰੇ ਪਿੰਡ ਪਿੰਡਿਆਂ ਤੇ ਲਾਸ਼ਾਂ ਵੇਖ ਰੱਬ ਨੂੰ ਵੀ,

ਭੋਰਾ ਚੀਸ ਜਾਇਆ ਨਾ ਕਰੇ

ਤਾਹੀਉਂ ਮੇਰੇ ਪਿੰਡ ਛਿੜੇ ਖ਼ੂਨ ਦਿਆਂ ਸੁਹਲਿਆਂ 'ਚ,

ਰੱਤ ਦਾ ਮੈਂ ਕੁੰਗੂ ਵੇ ਰਲਾਂ

ਸੱਜਣਾ ! ਸੂਹਾ ਸੂਹਾ ਤੇਰਾ ਵੇ ਗਰਾਂ

📝 ਸੋਧ ਲਈ ਭੇਜੋ