ਲਾਸ਼ਾਂ ‘ਤੇ ਹੁੰਦੀ ਮਹਿਲ ਦੀ ਤਾਮੀਰ ਵੇਖ ਕੇ।
ਉੱਠੇ ਨੇ ਲੋਕ ਸਿਰ ਤੋਂ ਲੰਘਦਾ ਨੀਰ ਵੇਖ ਕੇ।
ਪੁੱਤਾਂ ਨੇ ਜਾਨਾਂ ਟੰਗੀਆਂ ਤੇਗਾਂ ਦੀ ਨੋਕ ‘ਤੇ,
ਮਾਂ ਦਾ ਦੁਪੱਟਾ ਹੋਇਆ ਲੀਰੋ ਲੀਰ ਵੇਖ ਕੇ।
ਉਹਨਾਂ ਨੂੰ ਕੌਣ ਦੱਸੇ ਕੀ ਹੁੰਦੀਆਂ ਆਜ਼ਾਦੀਆਂ,
ਖ਼ੁਸ਼ ਨੇ ਜੋ ਪੈਰੀਂ ਆਪਣੇ ਜ਼ੰਜੀਰ ਵੇਖ ਕੇ।
ਚਿਰ ਬਾਅਦ ਹੋਇਆ ਸਾਫ਼ ਅੱਜ ਸ਼ੀਸ਼ਾ ਅਕਾਸ਼ ਦਾ,
ਰੋਈ ਹੈ ਧਰਤੀ ਆਪਣੀ ਤਸਵੀਰ ਵੇਖ ਕੇ।