ਘਰ ਨਹੀਂ ਟੁੱਟਦੇ ਉਹਨਾਂ ਦੇ, ਜਿੰਨਾਂ ਦੀਆਂ ਜੜ੍ਹਾਂ ਪੱਕੀਆਂ ਨੇ ।
'ਲਾਂਵਾਂ' 'ਚ ਤਾਕਤ ਬੜੀ ਹੁੰਦੀ, ਮੈਂ 'ਲਾਂਵਾਂ' ਲੈ ਰੱਖੀਆਂ ਨੇ ।
ਗੁਰੂ ਦਾ ਆਸਰਾ ਲੈ ਕੇ, ਜੋ ਰਿਸ਼ਤੇ ਜੋੜੇ ਜਾਂਦੇ ਨੇ ।
ਬੁਰੀ ਤਾਕਤ ਵੀ ਆ ਜਾਵੇ, ਇਹ ਕਿੱਥੇ ਤੋੜੇ ਜਾਂਦੇ ਨੇ ।
ਮਾਂ ਦਾ ਡਰ ਜਿਸ ਧੀ ਨੂੰ , ਘਰ ਉਹ ਵੱਸ ਜਾਂਦੇ ਨੇ ।
ਅੱਖ ਨਾਲ ਘੂਰੀ ਵੱਟ ਦੇਵੇ, ਨਿੱਕ੍ਹਲ ਸਭ ਵੱਟ ਜਾਂਦੇ ਨੇ ।
ਸਵੇਰੇ ਮਸਲੇ ਜੋ ਆਉਂਦੇ, ਰਾਤ ਤੱਕ ਭੱਜ ਜਾਂਦੇ ਨੇ ।
ਕਾਹਲੀ ਕਰ ਨਾ ਜੋ ਭੰਡੇ, ਸਮੇਂ ਸਭ ਕੱਜ ਜਾਂਦੇ ਨੇ ।
ਛੋਟੀ ਛੋਟੀ ਗੱਲ ਨਹੀਂ, ਮਾਂ ਪਿਓ ਨੂੰ ਦੱਸੀ ਦੀ ।
ਕੁਝ ਆਪ ਸੁਲਝਾਈਦੀ, ਕੁਝ ਸਮੇਂ ਤੇ ਛੱਡੀ ਦੀ ।
ਮਾਂ ਦਾ ਬਹੁਤਾ ਹੱਥ ਹੁੰਦਾ, ਧੀ ਦਾ ਘਰ ਵਸਾਉਣੇ ਨੂੰ ।
ਮਾਂਵਾਂ ਜਿੰਨ੍ਹਾਂ ਦੀਆਂ ਬੈਠੀਆਂ, ਮਸਲੇ ਸੁਲਝਾਉਣੇ ਨੂੰ ।
ਘਰ ਦੀ ਨਿੱਕੀ ਗੱਲ ਜਦ, ਥਾਣੇ ਤੱਕ ਚਲੀ ਜਾਵੇ ।
ਉਹ ਕਦੇ ਵੀ ਘਰ ਨਹੀਂ ਵੱਸਦੇ, ਫਿਰ ਬੰਦਾ ਪਛਤਾਵੇ ।
ਜੱਜ ਕਚਹਿਰੀ ਕਦੇ ਨ ਲੋਕੋ, ਘਰ ਵਸਾ ਸਕਦੇ ।
ਮਾਂ ਬਾਪ ਹੀ ਧੀ ਪੁੱਤ ਦੇ, ਮਸਲੇ ਸੁਲਝਾ ਸਕਦੇ ।
ਇਹ ਰੁੱਖ ਜੜਾਂ ਵਾਲੇ, ਜਿੰਨ੍ਹਾਂ ਜਿੰਨ੍ਹਾ ਘਰ ਲੱਗੇ ਨੇ ।
ਉਹੀ ਘਰ ਵੱਸਦੇ ਵੇਖੇ ਨੇ, ਤੇ ਓਹੀ ਘਰ ਫੱਬੇ ਨੇ ।
ਕਿਉਂਕਿ
ਘਰ ਨਹੀਂ ਉਹਨਾਂ ਦੇ ਟੁੱਟਦੇ, ਜਿੰਨ੍ਹਾਂ ਦੀਆਂ ਜੜ੍ਹਾਂ ਪੱਕੀਆਂ ਨੇ ।
'ਲਾਂਵਾਂ' 'ਚ ਬੜੀ ਤਾਕਤ ਲੋਕੋ, 'ਸਰਬ' ਨੇ ਲੈ ਰੱਖੀਆਂ ਨੇ ।