ਜੋ ਸਮਝੇ ਮਹਿਰਮ ਦਿਲ ਦੇ ਸਨ
ਹੁਣ ਜਦੋਂ ਕਦੀ ਵੀ ਮਿਲਦੇ ਹਨ
ਤਲਵਾਰ ਨਾਲ ਸੰਗੀਨ ਨਾਲ
ਜਾਂ ਕਲਮ ਦੀ ਨੋਕ ਮਹੀਨ ਨਾਲ
ਧਰਤੀ ਦੇ ਪਿੰਡੇ ਗੋਰੇ ਤੇ
ਜਾਂ ਚਿੱਟੇ ਕਾਗ਼ਜ਼ ਕੋਰੇ ਤੇ
ਖਿੱਚਦੇ ਨੇ ਲੀਕ ਬਰੀਕ ਜਹੀ
ਮੇਰੇ ਦਿਲ ਚੋਂ ਉਠਦੀ ਚੀਕ ਜਹੀ
“ਦੱਸ ਭੇਤ ਆਪਣੇ ਖ਼ਾਸੇ ਦਾ
ਤੂੰ ਲੀਕੋਂ ਕਿਹੜੇ ਪਾਸੇ ਦਾ?”
ਇਹ ਪੁੱਛਣ ਤੇ ਨਾ ਕੁਝ ਕਹਾਂ
ਸੋਚੀਂ ਪੈ ਜਾਵਾਂ ਚੁੱਪ ਰਹਾਂ।
ਖ਼ੁਦਗਰਜ਼ ਕਹਿਣ ਗ਼ੱਦਾਰ ਕਹਿਣ
ਚਾਲਾਕ ਜਿਹਾ ਮੱਕਾਰ ਕਹਿਣ
ਬੁਜ਼ਦਿਲ ਸਮਝੌਤਾਕਾਰ ਕਹਿਣ
ਇਹ ਕੀ ਕੀ ਮੇਰੇ ਯਾਰ ਕਹਿਣ !
ਮੈਂ ਸਭ ਮੁਸਕਾ ਕੇ ਸਹਿ ਜਾਣਾ
ਤੇ ਕਹਿੰਦਾ ਕਹਿੰਦਾ ਰਹਿ ਜਾਣਾ
ਇਹ ਲੀਕ ਤਾਂ ਸਾਹ ਦੇ ਰੰਗ ਦੀ ਹੈ
ਮੇਰੇ ਫੇਫੜਿਆਂ ਚੋਂ ਲੰਘਦੀ ਹੈ।