ਕ੍ਰਿਸ਼ਨ ਦੇ ਪੈਰਾਂ ਥੱਲੇ
ਸ਼ੇਸ਼ਨਾਗ ਦੀ ਸਿਰੀ
ਸਿਰ 'ਤੇ ਮੋਰ-ਖੰਭ
ਬੁੱਲ੍ਹਾਂ ਤੇ ਬੰਸਰੀ ਹੈ;
ਗੋਕੁਲ ਦੀਆਂ ਗਲੀਆਂ ਵਿੱਚ
ਪ੍ਰੇਮ ਨਾਦ ਲਰਜ਼ਦਾ
ਪੰਛੀ ਗਾਉਂਦੇ
ਫਲ-ਫੁੱਲ ਮਹਿਕਦੇ
ਲਹਿਰ ਨਾਲ ਲਹਿਰ ਖਹਿੰਦੀ
ਰਾਧਾ ਰਾਸ ਕਰਦੀ
ਕ੍ਰਿਸ਼ਨ ਰੱਬ ਹੈ ।
ਫਿਰ ਵਿਧੀ ਦਾ ਵਿਧਾਨ ਵਾਪਰਦਾ
ਕ੍ਰਿਸ਼ਨ ਦੇ ਪੈਰਾਂ ਥੱਲੇ ਤਖ਼ਤ
ਸਿਰ ’ਤੇ ਤਾਜ
ਉਂਗਲ ਤੇ ਸੁਦਰਸ਼ਨ ਚੱਕਰ
ਰਾਹੇ-ਰਾਹੇ ਤੁਰਿਆ ਆਉਂਦਾ ਸੁਦਾਮਾ
ਖੁਸ਼ਹਾਲ ਦੁਆਰਕਾ ਦਾ ਸਿੰਘਾਸਨ
ਨਾਲ ਬੈਠੀ ਰੁਕਮਣੀ
ਹੁਣ ਰੱਬ ਰਾਜਾ ਹੈ।
ਅਚਾਨਕ
ਸ਼ਕੁਨੀ ਜ਼ਹਿਰ ਲਿਬੜੇ ਤੀਰ
ਦੁਰਯੋਧਨ ਦੇ ਭੱਥੇ ਵਿੱਚ ਰੱਖ ਦਿੰਦਾ ਹੈ
ਦਰੋਪਤੀ ਕੇਸ ਬੰਨਣ ਲਈ
ਹਾਥੀ ਦੰਦ ਦਾ ਕੰਘਾ ਮੰਗਵਾ ਲੈਂਦੀ ਹੈ
ਭੀਸ਼ਮ ਲਈ
ਤੀਰਾਂ ਦੀ ਸੇਜ ਤਿਆਰ ਹੈ
ਬੀਦੁਰ ਕਹਾਣੀ ਅਰੰਭਦਾ ਹੈ
ਰੱਬ ਰੂਪ ਬਦਲਦਾ ਹੈ -
ਹੁਣ ਉਸਦੇ ਪੈਰਾਂ ਥੱਲੇ ਰੱਥ
ਸਿਰ ਤੇ ਮੁਕਟ
ਹੱਥਾਂ ਵਿੱਚ ਘੋੜੇ ਦੀ ਲਗਾਮ
ਬੁੱਲਾਂ ’ਤੇ ਗੀਤਾ-ਸੰਦੇਸ਼
ਕੁਰੂਕਸ਼ੇਤਰ ਦਾ ਸੋਨੇ ਰੰਗਾ ਮੈਦਾਨ
ਨਾਲ ਬੈਠਾ ਅਰਜੁਨ
ਹੁਣ ਰੱਬ ਰਥਵਾਨ ਹੈ ।
ਕੁਝ ਹੀ ਪਲਾਂ ਵਿੱਚ
ਕੁਰੂਕਸ਼ੇਤਰ ਦੀ ਮਿੱਟੀ
ਗੇਰੂਏ ਰੰਗੀਂ ਹੋ ਜਾਏਗੀ
ਗੀਤਾ-ਸੰਦੇਸ਼ ਗੂੰਜੇਗਾ
ਸਤਯ ਦੀ ਜਿੱਤ ਹੋਏਗੀ
ਰੱਬ ਨਾਲ ਹੈ,
“ਉਸ ਕੋਲ ਯੁੱਧ ਜਿੱਤਣ ਦੀ ਤਰਕੀਬ ਹੈ
ਬੱਸ ਯੁੱਧ ਰੋਕਣ ਦੀ ਜੁਗਤ ਨਹੀਂ"
ਸਾਰਾ ਕੁਝ ਤਾਂ ਕਿੱਥੇ ਹੁੰਦੈ ਰੱਬ ਕੋਲ ਵੀ ॥