ਲੇਖ ਲਕੀਰਾਂ ਵਰਗਾ ਨਈਂ ਆਂ
ਮੈਂ ਤਕਦੀਰਾਂ ਵਰਗਾ ਨਈਂ ਆਂ
ਭੁੱਲ ਸਕਦਾ ਸਾਂ ਤੈਨੂੰ ਪਰ ਮੈਂ
ਯਾਰ ਅਮੀਰਾਂ ਵਰਗਾ ਨਈਂ ਆਂ
ਗੱਲ ਵੀ ਕਰਨਾਂ ਤੀਰਾਂ ਵਰਗੀ
ਖਾਲੀ ਤੀਰਾਂ ਵਰਗਾ ਨਈਂ ਆਂ
ਲੀਰੋ ਲੀਰ ਆਂ ਸ਼ੁਕਰ ਏ ਫਿਰ ਵੀ
ਲੱਥੀਆਂ ਲੀਰਾਂ ਵਰਗਾ ਨਈਂ ਆਂ
ਮੇਰੇ ਵਾਂਗ ਨੇ ਕਈ ਤਸਵੀਰਾਂ
ਮੈਂ ਤਸਵੀਰਾਂ ਵਰਗਾ ਨਈਂ ਆਂ
ਨਾ ਮੰਨੋਂ ਪਰ ਇਹ ਤੇ ਮੰਨ ਲਓ
ਘਰ ਦੇ ਪੀਰਾਂ ਵਰਗਾ ਨਈਂ ਆਂ
ਦਿਲ ਜਾਗੀਰਾਂ ਵਾਂਗ ਏ ਭਾਅ ਜੀ
ਆਪ ਜਾਗੀਰਾਂ ਵਰਗਾ ਨਈਂ ਆਂ
ਮੇਰੇ ਦੁੱਖੜੇ ਪੜ੍ਹ ਕੇ ਦੱਸ ਤੂੰ
ਠੀਕ ਤਹਰੀਰਾਂ ਵਰਗਾ ਨਈਂ ਆਂ
ਵੀਰਾਂ ਦੇ ਨਈਂ ‘ਸੰਧੂ’ ਜਿਹੜੇ
ਉਹਨਾਂ ਵੀਰਾਂ ਵਰਗਾ ਨਈਂ ਆਂ