ਲਿੱਬੜੇ ਤਿੱਬੜੇ ਮੈਲ਼ ਕੁਚੈਲ਼ੇ ਨੰਗ ਤੜੰਗੇ ਬਾਲ

ਲਿੱਬੜੇ ਤਿੱਬੜੇ ਮੈਲ਼ ਕੁਚੈਲ਼ੇ ਨੰਗ ਤੜੰਗੇ ਬਾਲ 

ਮੰਗਦੇ ਫਿਰਦੇ ਰੋਟੀ ਰੋਟੀ ਭੁੱਖ ਦੇ ਡੰਗੇ ਬਾਲ

ਲੜ ਝਗੜ ਕੇ ਫਿਰ ਵੀ ਖੇਡਣ ਸਕਿਆਂ ਵੀਰਾਂ ਵਾਂਗ 

ਏਸੇ ਲਈ ਤੇ ਸਾਡੇ ਨਾਲ਼ੋਂ ਲੱਖਾਂ ਚੰਗੇ ਬਾਲ

ਸ਼ਾਲਾ ਸੂਲ਼ੀ ਟੰਗੇ ਰਹਿਣ ਕਿਆਮਤ ਤੋਂ ਵੀ ਬਾਅਦ 

ਸਦੀਆਂ ਪਹਿਲੋਂ ਨੇਜ਼ੇ ਉੱਤੇ ਜਿੰਨਾਂ ਟੰਗੇ ਬਾਲ

ਰੱਬ ਦੀ ਕਸਮੇਂ ਮਾਪੇ ਭਾਵੇਂ ਕਿੰਨੇ ਮਾੜੇ ਹੋਵਣ 

ਜਿੰਦੜੀ ਵਾਰਨ ਤੀਕਰ ਜਾਂਦੇ ਜੇ ਕੁਝ ਮੰਗੇ ਬਾਲ

‘ਸੰਧੂ’ ਤੈਨੂੰ ਭੁੱਖ ਦੇ ਰੋਣੇ ਦੱਸਾਂ ਕੀ ਮੈਂ ਹੋਰ 

ਪੱਥਰਾਂ ਦੀ ਮਜ਼ਦੂਰੀ ਕਰਦੇ ਫੁੱਲਾਂ ਰੰਗੇ ਬਾਲ

📝 ਸੋਧ ਲਈ ਭੇਜੋ