ਲਿਖ ਕੇ ਚਿੱਠੀ ਪਿਆਰੀ ਅਪਣੇ ਮਾਹੀ ਨੂੰ ।
ਮੈਂ ਇਕ ਅਰਜ਼ ਗੁਜ਼ਾਰੀ ਢੋਲ ਸਿਪਾਹੀ ਨੂੰ।
ਆਣ ਬਣੀ ਹੈ ਭਾਰੀ ਮੇਰੀ ਜਿੰਦ ਉੱਤੇ।
ਗ਼ਮ ਛਾਇਆ ਹਰ ਸਾਕ਼ੀ ਤੇ ਹਰ ਰਿੰਦ ਉੱਤੇ ।
ਵੈਰੀ ਚੜ੍ਹ ਕੇ ਆਇਆ ਤੇਰੀ ਹਿੰਦ ਉੱਤੇ ।
ਨਾਲ ਲਿਆਇਆ ਸਾਰੀ ਧਕੜ-ਸ਼ਾਹੀ ਨੂੰ ।
ਮੈਂ ਇਕ ਅਰਜ਼ ਗੁਜ਼ਾਰੀ ਢੋਲ ਸਿਪਾਹੀ ਨੂੰ ।
ਲਿਖਕੇ ਚਿੱਠੀ ਪਿਆਰੀ ਅਪਣੇ ਮਾਹੀ ਨੂੰ ।
ਚਾੜ੍ਹ ਲਿਆਇਆ ਖੇੜੇ ਦੋਖੀ ਹੀਰਾਂ ਦਾ।
ਲੋਹ-ਪੁਰਖਾਂ ਨੂੰ ਛੇੜੇ ਪੁਤਲਾ ਲੀਰਾਂ ਦਾ।
ਆਇਆ ਸਾਡੇ ਵੇਹੜੇ ਟੋਲਾ ਕੀਰਾਂ ਦਾ।
ਜ਼ਰਬ ਲਗਾ ਦੇ ਭਾਰੀ ਏਸ ਗੁਨਾਹੀ ਨੂੰ।
ਮੈਂ ਇਕ ਅਰਜ਼ ਗੁਜ਼ਾਰੀ ਢੋਲ ਸਿਪਾਹੀ ਨੂੰ।
ਲਿਖ ਕੇ ਚਿੱਠੀ ਪਿਆਰੀ ਅਪਣੇ ਮਾਹੀ ਨੂੰ।
ਕਰਦੇ ਪਧਰਾ ਕਢਕੇ ਰੜਕਾਂ ਏਸ ਦੀਆਂ।
ਢੋਲ ਸਿਪਾਹੀਆ ਭੰਨ ਦੇ ਮੜਕਾਂ ਏਸ ਦੀਆਂ।
ਸਾੜ ਕੇ ਰਖਦੇ ਸਾਰੀਆਂ ਭੜਕਾਂ ਏਸ ਦੀਆਂ।
‘ਹਮਦਰਦਾ' ਬਲਿਹਾਰੀ ਰੋਕ ਤਬਾਹੀ ਨੂੰ।
ਮੈਂ ਇਕ ਅਰਜ਼ ਗੁਜ਼ਾਰੀ ਢੋਲ ਸਿਪਾਹੀ ਨੂੰ।
ਲਿਖ ਕੇ ਚਿੱਠੀ ਪਿਆਰੀ ਅਪਣੇ ਮਾਹੀ ਨੂੰ।