ਲਿਖਾਂ ਕੀ ਮੈਂ ਤੇਰੀ ਖੁਦਾਈ ਬਾਰੇ
ਕੋਈ ਕਹਿਰ ਨਈ ਤੇਰੇ ਕਹਿਰ ਵਰਗਾ!
ਇੱਕ ਝਪਕ ਨਾਲ ਸੁੰਨਸਾਨ ਕਰਦੈ
ਕੋਈ ਜ਼ਹਿਰ ਨਈ ਤੇਰੇ ਜ਼ਹਿਰ ਵਰਗਾ!
ਪਰਬਤ ਆਕਾਸ਼ ਤੇ ਭੂਮੀਂ ਵੱਸ ਤੇਰੇ
ਆਫ਼ਤ ਪਲਾਂ ਚ' ਲਿਆਂਵਦਾ ਵੇਖਿਆ ਮੈਂ!
ਤੇਰੇ ਅੱਗੇ ਈ ਕੀਹਦਾ ਜ਼ੋਰ ਸਾਈਆਂ
ਵਕਤ ਸਾਇੰਸ ਨੂੰ ਪਾਂਵਦਾ ਵੇਖਿਆ ਮੈੰ!
ਤੂੰ ਚਾਵੇਂ ਤਾਂ ਪੱਤਾ ਨਈ ਹਿੱਲ ਸਕਦਾ
ਤੂੰ ਚਾਵੇਂ ਤਾਂ ਬਿਰਖ ਉਖਾੜ ਦੇਵੇ!
ਤੂੰ ਚਾਵੇਂ ਤਾਂ ਕੰਗਲੇ ਵੀ ਵੱਸਣ ਏਥੇ
ਤੂੰ ਚਾਵੇਂ ਤਾਂ ਵੱਸਦੇ ਉਜਾੜ ਦੇਵੇ!
ਪੰਛੀ ਚਹਿਕਦੇ ਜੋ ਗਗਨ ਮੰਡਲਾਂ ਚ'
ਤੂੰ ਚਾਵੇਂ ਤਾਂ ਪਿੰਜ਼ਰੇ ਵੀ ਪਵਾ ਸਕਦੈ!
ਡੋਰੀਂ ਜ਼ਰਾ ਜੇ ਹੱਥ ਚੋਂ ਕਰੇ ਢਿੱਲੀ
ਤੂੰ ਪੁੱਠੇ ਪਰਬਤ ਆਕਾਸ਼ ਕਰਾ ਸਕਦੈ!
ਕੀ ਮਜ਼ਾਲ ਈ ਤੇਰੇ ਬਿਨ ਆਡਰ ਤੋਂ
ਦਾਣਾ ਅੰਨ੍ਹ ਦਾ ਅੰਦਰ ਲੰਘਾ ਜਾਵਾਂ!
ਮੜਕ ਨਾਲ ਜੋ "ਸੱਤਿਆ" ਪੱਬ ਰੱਖੇ
ਕੀ ਮਜ਼ਾਲ ਇਆ ਪੱਬ ਉੱਠਾ ਜਾਵਾਂ!
ਚਾਹੇ ਲ਼ੱਖ ਪਤਾਲਾ ਵਿੱਚ ਹੋਏ ਲੁਕਿਆ
ਵਾਰੀ ਆਈ ਉਸ ਖੁੱਡਦੀ ਵੇਖਿਆ ਮੈਂ!
ਕਾਲ ਬਾਜ਼ ਜਦ ਤੇਰਾ ਆਣ ਪਰਤੇ
ਖਾਂਕ ਚਿਖਾਂ ਦੀ ਉੱਡਦੀ ਵੇਖਿਆ ਮੈ!