ਜ਼ੁਲਮ ਜਦੋਂ ਅਸਮਾਨ ਤੇ ਚੜ੍ਹਦੈ ਲਿਖਦੀ ਹਾਂ ਮੈਂ    

ਸੱਚ  ਜਦੋਂ ਖੁੰਦਰਾਂ ਵਿਚ  ਵੜਦੈ ਲਿਖਦੀ ਹਾਂ ਮੈਂ

ਝੂਠ  ਦੇ  ਝੰਡੇ   ਝੂਲਣ  ਜਦ  ਅਸਮਾਨਾਂ  ਉਤੇ,

ਸੱਚ ਜਦੋਂ ਦੇਗਾਂ ਵਿਚ ਕੜ੍ਹਦੈ, ਲਿਖਦੀ ਹਾਂ ਮੈਂ

ਚੰਦੂ  ਬੇਈਮਾਨ , ਪਰਿਥੀਏ  ਜਦ ਨੇ ਰਲ਼ਦੇ,

ਗੁਰੂ ਅਰਜਨ ਜਦ ਤਵੀ ਤੇ ਰੜ੍ਹਦੇ, ਲਿਖਦੀ ਹਾਂ ਮੈਂ

ਮਾਸੂਮਾਂ  ਦੀ  ਰੱਤ  ਵਿਚ  ਜ਼ਾਲਮ ਜਦੋਂ ਨਹਾਵੇ,

ਧਰਮ ਦੇ ਨਾਂ ਤੇ ਕਲਮਾਂ ਪੜ੍ਹਦੈ, ਲਿਖਦੀ ਹਾਂ ਮੈਂ

ਦਿਲ ਵਿਚ ਕਾਲਖ ਹਵਸ ਅੱਖਾਂ ਵਿਚ ਲੈ ਕੇ ਬੰਦਾ ,

ਜਦੋੰ ਪਰਾਏ  ਘਰ  ਜਾ  ਵੜਦੈ ਲਿਖਦੀ  ਹਾਂ ਮੈਂ

ਚੋਰ  ਤੇ ਬੇਈਮਾਨ ਠਗੰਤਰ ਲੀਡਰ ਜਦ ਵੀ,

ਸੱਚ  ਦੇ ਮੂੰਹ  ਤੇ ਜੰਦਰਾ  ਜੜਦੈ ਲਿਖਦੀ ਹਾਂ ਮੈਂ

ਸ਼ਰੇਆਮ ਪ੍ਰਚਾਰਕ  ਰੱਬ   ਨੂੰ  ਵੇਚਦੇ ਵੇਖਾਂ,

ਨੇਤਾ ਜਦ ਗੋਲਕ ਲਈ ਲੜਦੈ, ਲਿਖਦੀ ਹਾਂ ਮੈਂ

ਕਿੰਝ  ‘ ਸੁਰਜੀਤ’  ਬਚਾਵਾਂ  ਮੈਂ ਪੰਜਾਬ  ਪਿਆਰਾ,

ਦੋਸ਼ੀ ਅਪਣਾ ਦੋਸ਼ ਜਦੋਂ ਦੂਜੇ ਸਿਰ ਮੜ੍ਹਦੈ ਲਿਖਦੀ ਹਾਂ ਮੈ

📝 ਸੋਧ ਲਈ ਭੇਜੋ