ਲਿਤਾੜੀ ਗ਼ਮਾਂ ਭਾਵੇਂ ਸਾਰੀ ਹਿਆਤੀ ।
ਗ਼ਮਾਂ ਸਾਹਵੇਂ ਫਿਰ ਵੀ ਨਾ ਹਾਰੀ ਹਿਆਤੀ ।
ਤੇਰੇ ਹਿਜਰ ਅੰਦਰ ਪਈ ਸਹਿਕਦੀ ਏ,
ਇਹ ਦੁੱਖਾਂ ਦੀ ਮਾਰੀ ਵਿਚਾਰੀ ਹਿਆਤੀ ।
ਕਿਵੇਂ ਰਹਿ ਸਕੇਗਾ ਉਹ ਗੁਲਸ਼ਨ ਤੋਂ ਪਾਸੇ,
ਜਿਨ੍ਹੇ ਨਾਲ ਫੁੱਲਾਂ ਗੁਜ਼ਾਰੀ ਹਿਆਤੀ ।
ਮੇਰੀ ਉਮਰ ਗੁਜ਼ਰੀ ਭਲੀ ਕਾਰ ਕਰਕੇ,
ਮੈਂ ਅੱਖਰ ਸਮੇਟੇ ਖਿਲਾਰੀ ਹਿਆਤੀ ।
ਕਫ਼ਸ ਖ਼ਾਲੀ ਤੱਕ ਕੇ ਭਲਾ ਕੀ ਕਰੂਗਾ,
ਗਈ ਮਾਰ ਜਦ ਇਹ ਉਡਾਰੀ ਹਿਆਤੀ ।
ਅਜੇ ਉਹਦੇ ਦਿਲ ਚੋਂ ਵਿਚਾਰਾਂ ਨਾ ਗਈਆਂ,
ਜਿਦੇ ਤੋਂ ਮੈਂ ਸਾਰੀ ਹੀ ਵਾਰੀ ਹਿਆਤੀ ।
ਉਹਦੇ ਨਾਵੇਂ ਲਾਈ ਮੈਂ ਰਹਿੰਦੀ ਜੋ ਬਾਕੀ,
'ਮਲੂਕ' ਅਪਣੀ ਸੋਹਣੀ ਤੇ ਪਿਆਰੀ ਹਿਆਤੀ ।