ਲੋੜੋਂ ਵੱਧ ਸੋਚੇਗਾ ਤਾਂ ਦੁੱਖ ਪਾਏਂਗਾ

ਚਿੰਤਾ ਤਾਂ ਹੁੰਦੀ ਚਿਖਾ ਦੇ ਸਮਾਨ ਹੈ, ਕਹਿੰਦੇ ਵਿਦਵਾਨ ਹੈ॥

ਖਾ ਜਾਦੀ ਚੰਗੇ ਭਲੇ ਇੰਨਸਾਨ ਹੈ, ਛੱਡਦੀ ਨਾ ਜਾਨ ਹੈ॥

ਜਿੰਨ੍ਹਾ ਵੱਧ ਬੋਝ ਸਿਰ ਤੇ ਉਠਾਏਂਗਾ, ਬੈਠਦਾ ਤੂੰ ਜਾਏਂਗਾ॥

ਲੋੜੋਂ ਵੱਧ ਸੋਚੇਗਾ ਤਾਂ ਦੁੱਖ ਪਾਏਂਗਾ, ਜ਼ਿੰਦਗੀ ਗਵਾਏਂਗਾ॥

ਟੈਸ਼ਨਾ ਫ਼ਜ਼ੂਲ ਜਿੰਨੀਆਂ ਤੂੰ ਚੁੱਕੇਗਾ, ਦਿਨੋਂ ਦਿਨ ਸੁੱਕੇਗਾ॥

ਸੋਚ ਸੋਚ ਜਿੰਨਾਂ ਅੰਦਰਾਂ ਚ’ ਲੁਕੇਂਗਾ, ਓਨਾਂ ਛੇਤੀ ਮੁੱਕੇਗਾ॥ 

ਨਿੱਕੀ ਨਿੱਕੀ ਗੱਲ ਦਿਲ ਉੱਤੇ ਲਾਏਂਗਾ, ਓਨਾਂ ਹੇਠ ਆਏਂਗਾ॥

ਲੋੜੋਂ ਵੱਧ ਸੋਚੇਗਾ ਤਾਂ ਦੁੱਖ ਪਾਏਂਗਾ, ਜ਼ਿੰਦਗੀ ਗਵਾਏਂਗਾ॥

ਸੋਚੇ ਸੋਚ ਕੁੱਝ ਵੀ ਨੀਂ ਹੋਣਾ ਸਰ ਜੀ, ਭੱਜ ਜਿੱਥੇ ਮਰਜ਼ੀ॥

ਆਖਰ ਨੂੰ ਖੱਫਣ ਤਾਂ ਸੀਊ ਦਰਜ਼ੀ, ਜਦੋ ਗੀ ਅਰਜ਼ੀ॥

ਹੱਸਕੇ ਤੂੰ ਜੀ ਲੈ ਸਭਨਾਂ ਨੂੰ ਭਾਂਏਂਗਾ, ਨਈ ਤਾਂ ਪੱਛੋਤਾਏਂਗਾ॥

ਲੋੜੋਂ ਵੱਧ ਸੋਚੇਗਾ ਤਾਂ ਦੁੱਖ ਪਾਏਂਗਾ, ਜ਼ਿੰਦਗੀ ਗਵਾਏਂਗਾ॥

ਚਾਰ ਦਿਨ ਜਿੰਦਗੀ ਅਨੰਦ ਮਾਣ ਲੈ, ਖੁਦ ਨੂੰ ਪਛਾਣ ਲੈ॥

ਖੁਸ਼ੀਆਂ ਦਾ ਸਿਰ ਤੇ ਛਤਰ ਤਾਣ ਲੈ, ਇਹੇ ਪੱਕੀ ਠਾਣ ਲੈ॥

ਜਿੰਨ੍ਹੀ ਵੱਧ ਮੁੱਖੋਂ ਸੁਖਮਨੀ ਗਾਏਂਗਾ, ਸੁੱਖਾਂ ਚ’ ਨਹਾਏਂਗਾ॥

ਲੋੜੋਂ ਵੱਧ ਸੋਚੇਗਾ ਤਾਂ ਦੁੱਖ ਪਾਏਂਗਾ, ਜ਼ਿੰਦਗੀ ਗਵਾਏਂਗਾ॥

ਪੁੱਛਦਾ ਨੀਂ ਕੋਈ ਮੁਰਝਾਏ ਫੁੱਲ ਨੂੰ, ਬੱਤੀ ਹੋਈ ਗੁੱਲ ਨੂੰ॥

ਖਿੜਿਆ ਗੁਲਾਬ ਮਿਲਦਾ ਹੈ ਮੁੱਲ ਨੂੰ, ਤਾਂਘ ਸਦਾ ਕੁੱਲ ਨੂੰ॥

ਸੱਤਿਆ ਤੂੰ ਜਿੰਨ੍ਹੀ ਕਲ਼ਮ ਘਸਾਏਂਗਾ, ਓਨਾਂ ਵੱਧ ਛਾਏਂਗਾ॥

ਲੋੜੋਂ ਵੱਧ ਸੋਚੇਗਾ ਤਾਂ ਦੁੱਖ ਪਾਏਂਗਾ, ਜ਼ਿੰਦਗੀ ਗਵਾਏਂਗਾ॥

📝 ਸੋਧ ਲਈ ਭੇਜੋ