ਲੁਧਿਆਣੇ ਜਗਰਾਵਾਂ ਪੁੱਲ 'ਤੇ
ਤਿੰਨ ਬੁੱਤ ਖੜ੍ਹੇ ਨੇ ਚਿਰਾਂ ਤੋਂ-
ਜਿਹਨਾਂ ਵੱਲ ਕਿਸੇ ਦੀ ਧੌਣ ਘੱਟ ਹੀ ਮੁੜਦੀ ਹੈ
ਸਗੋਂ ਹਾਦਸੇ ਤੋਂ ਬਚਣ ਦਾ
ਡਰ ਰਹਿੰਦਾ ਹੈ ਸਾਰਿਆਂ ਨੂੰ
ਅੱਜਕਲ ਤਾਂ ਓਥੋਂ
ਰਾਈਟ ਟਰਨ ਵੀ ਹਟਾ ਦਿਤੀ ਹੈ-
ਹਾਂ ਲਿਫਟ ਟਰਨ ਤੇ
ਕਦੇ 2 ਅੱਖਾਂ ਚ ਅੱਖਾਂ ਪੈ ਜਾਂਦੀਆਂ ਨੇ ਮੇਰੀਆਂ
ਕਦੇ ਭਗਤ ਸਿੰਘ ਤੇ ਕਦੇ 2 ਸੁਖਦੇਵ ਰਾਜਗੁਰੂ ਦੀਆਂ ਅੱਖਾਂ ਚ-
ਐਤਕੀਂ ਕੁਝ ਰੁਕ ਕੇ-
ਗਰਮੀ ਚ ਖੜ੍ਹੇ ਭਗਤ ਸਿੰਘ
ਨਾਲ ਗੱਲਾਂ ਕੀਤੀਆਂ-
ਕਹਿੰਦਾ-ਆਪ ਤਾਂ ਬੁੱਤ ਬਣ ਤੁਰੇ ਫਿਰਦੇ ਹੋ
ਸਾਨੂੰ ਕਿਉਂ ਸਜਾ ਦਿਤਾ ਹੈ ਪੱਥਰ ਬਣਾ ਕੇ-
ਸਾਡੀ ਛਾਤੀ ਤੇ ਪੌੜ੍ਹੀ ਲਾ ਕੇ
ਹਾਰ ਨਾ ਪਹਿਨਾਇਆ ਕਰੋ-
ਕਹਿ ਦਿਓ ਇਹਨਾਂ ਨੇਤਾਵਾਂ ਨੂੰ-
ਬੈਠੇ ਰਹਿਣ ਘਰਾਂ ਚ
ਸਾਡੀਆਂ ਬਾਹਾਂ ਤੇ ਗਾਉਂਦੇ ਰਹਿਣ ਦਿਓ
ਚੀਨੇ ਕਬੂਤਰ ਤੇ ਕਾਂ ਚਿੜ੍ਹੀਆਂ-
ਇਹ ਕੋਈ ਸੁਨੇਹਾ ਤਾਂ ਲੈ ਕੇ ਜਾਂਦੀਆਂ ਨੇ
ਤੁਸੀਂ ਤਾਂ ਫੁੱਲਾਂ ਦੇ ਖ਼ਾਬ ਵੀ ਦਫ਼ਨਾ ਜਾਂਦੇ ਹੋ
ਸਾਡੇ ਪੈਰਾਂ ਚ
ਕਦੇ ਤਾਂ ਸੰਵਾਦ ਰਚਾਇਆ ਕਰੋ
ਨਹੀਂ ਤਾਂ ਇਧਰ ਦੀ ਨਾ ਆਇਆ ਕਰੋ-
ਉਤਾਰ ਦਿਓ ਹੇਠ ਸਾਨੂੰ ਫ਼ਾਸ਼ੀ ਲੱਗਿਆਂ ਨੂੰ
ਚਿਰਾਂ ਤੋਂ ਖੜ੍ਹੇ ਸਾਡੇ ਬੁੱਤ ਵੀ ਹੁਣ ਥੱਕ ਚੁੱਕੇ ਹਨ
ਸਾਨੂੰ ਨਹੀਂ ਚਾਹੀਦੇ ਸਿਰਾਂ ਲਈ ਹਾਰ
ਤੇ ਨਾ ਹੀ ਹੋਰ ਵੱਡਮੁੱਲੇ ਉਪਹਾਰ
ਸਾਨੂੰ ਤਾਂ ਤੁਹਾਡੇ ਸਿਰ ਚਾਹੀਦੇ ਹਨ-
ਧੜਾਂ ਤੇ ਸਿੱਧੇ ਖੜ੍ਹੇ-ਤੇ ਹੱਥਾਂ ਚ ਖੰਡੇ
ਝੁਕਦੇ ਸਿਰ ਲੈ ਕੇ ਸਾਡੇ ਕੋਲ ਨਾ ਆਇਓ-
ਅਸੀਂ ਗੋਬਿੰਦ ਨਹੀਂ ਕਿ ਸਾਡੇ ਪੈਰਾਂ ਤੇ ਝੁਕੋ
ਸਾਡੇ ਤਨ ਦੀ ਮਿੱਟੀ ਲੈ ਜਾਓ
ਤੇ ਖੇਤਾਂ ਨਦੀਆਂ ਦਰਿਆਵਾਂ ਚ ਖਿਲਾਰੋ-
ਉਡਾ ਦਿਓ ਸਾਡੇ ਸੁਨੇਹੇ ਇਹਨਾਂ ਹਵਾਵਾਂ ਚ
ਤੇ ਸਾਡੇ ਚਾਅ ਰੀਝਾਂ ਇਹਨਾਂ ਰਾਹਵਾਂ ਚ
ਪਰ ਸਾਡੇ ਕੋਲ ਹੱਥ ਜੋੜ੍ਹ ਕੇ ਨਾ ਆਉਣਾ-
ਹੱਥ ਜੋੜ੍ਹਨ ਲਈ ਨਹੀਂ ਹੁੰਦੇ
ਹੱਥਕੜੀਆਂ ਤੋੜਨ ਖੋਰਨ ਲਈ ਹੁੰਦੇ ਨੇ-
ਹੱਥਾਂ ਨੂੰ ਕਹੋ ਕਿ ਫੌਲਾਦ ਬਣ ਜਾਣ
ਮਿਹਨਤ ਤੇ ਕਿਰਤ ਦਾ ਕੋਈ ਖ਼ਾਬ ਬਣ ਜਾਣ
ਚੰਗਾ ਤਾਂ ਸੀ ਕਿ
ਸਾਡੇ ਬੁੱਤਾਂ ਦੇ ਦੋ ਚਾਰ ਸੁਪਨੇ ਬਣਾ ਲੈਂਦੇ-
ਕਿਸੇ ਕੰਮ ਤਾਂ ਆਉਂਦੇ-
ਕੋਈ ਤੀਰ ਬਣਦਾ -ਕੋਈ ਸ਼ਮਸ਼ੀਰ
ਕੋਈ ਚੰਦ ਤੇ ਕੋਈ ਤਕਦੀਰ
ਕੋਈ ਤਾਰੀਖ਼ ਤੇ ਕੋਈ ਲਕੀਰ
ਚੰਗਾ ਤਾਂ ਸੀ ਕਿ ਸਾਡੀਆਂ ਚਿਖਾਵਾਂ ਚੋਂ
ਬਲਦੇ ਸੂਹੇ ਅੰਗਿਆਰ ਚੁਣਦੇ
ਤੇ ਬੈਠ ਕੇ ਰਾਤਾਂ ਸਰ੍ਹਾਣੇ ਨਵੇਂ 2 ਖਾਬ ਉਣਦੇ
ਸੀਨੇ ਹਾਰਾਂ ਲਈ ਨਹੀਂ ਹੁੰਦੇ
ਨਵੀਆਂ ਲਲਕਾਰਾਂ ਲਈ ਹੁੰਦੇ ਨੇ
ਸਾਡੇ ਫ਼ਾਂਸੀ ਦੇ ਪਾਏ ਰੱਸੇ ਤੋਂ
ਕੋਈ ਅਰਸ਼ ਹੀ ਬੁਣ ਲੈਂਦੇ
ਸਾਡੀ ਤਾਂ ਨਹੀਂ ਸਾਡੀ ਮਿੱਟੀ ਦੀ ਹੀ ਸੁਣ ਲੈਂਦੇ-
ਤੇ ਰਾਖ਼ ਚੋਂ ਦੋ ਚਾਰ ਫੁੱਲ ਹੀ ਚੁਣ ਲੈਂਦੇ-
ਅੱਜ ਹੀ ਜਾਓ ਸੱਤਲੁਜ਼ ਦੇ ਕੰਢੇ ਤੇ
ਪਏ ਹੋਣੇ ਅਜੇ ਵੀ
ਕਈ ਬਲਦੇ ਸਿਵਿਆਂ ਦੇ ਅੰਗਿਆਰ
ਤੇ ਤੁਹਾਡੇ ਫੁੱਲਾਂ ਦੇ ਜਲਦੇ ਹਾਰ
ਬਣਾ ਲਓ ਉਹਨਾਂ ਚੋਂ
ਕੁਝ ਚੰਦ ਤੇ ਮੁੱਠ ਕੁ ਸਿਤਾਰੇ
ਤੇ ਹੱਥਾਂ 'ਚ ਸਜਾ ਲਓ
ਸਾਡੀਆਂ ਹਿੱਕਾਂ ਚੋਂ ਉਗਮਦੇ ਨਵੇਂ 2 ਨਾਹਰੇ-
ਬੇਮਤਲਬ ਨਾ ਸਾਲ 2 ਬਾਅਦ ਆਇਆ ਕਰੋ
ਸਾਡੇ ਬੁੱਤਾਂ ਦੀ ਛਾਂ ਚ ਸ਼ਰਧਾਂਜਲੀਆਂ ਦੇ ਫੁੱਲ ਲੈ ਕੇ
ਅਰਾਮ ਕਰ ਲੈਣ ਦਿਓ ਹੁਣ
ਸਾਡੀਆਂ ਰੂਹਾਂ ਨੂੰ-
ਤੇ ਗਾਉਂਦੀਆਂ ਸਾਡੀਆਂ ਬਰੂਹਾਂ ਨੂੰ-
ਜੇ ਕੁਝ ਤਮੰਨਾ ਹੈ
ਤਾਂ ਵਿਲਕਦੀਆਂ ਮਾਵਾਂ ਕੋਲ ਜਾਓ
ਅਸੀਂ ਤਾਂ ਹੁਣ ਅਰਸ਼ੀਂ ਰਹਿਨੇ ਆਂ
ਐਂਵੇ ਨਾ ਆ 2 ਸਤਾਓ-
ਪਾਠ ਪੁਸਤਕਾਂ 'ਚੋਂ ਪੂੰਝ ਦਿਓ ਸਾਡੇ ਸੋਹਲੇ
ਪਰ ਪਲ ਭਰ ਨਾ ਕਰਿਓ ਸਾਡੀ ਸੋਚ ਨੂੰ ਓਹਲੇ
ਜੇ ਹੱਥ ਚ ਖੰਜ਼ਰ ਹੈ ਤਾਂ ਪਹਿਲਾਂ ਨਾਂ ਗੋਬਿੰਦ ਦਾ ਲੈਣਾ
ਜੇ ਸੁਰਖ਼ ਤਵੀ ਹੋਈ ਤਾਂ ਗੁਰੂ ਅਰਜਨ ਦੇਵ ਨੂੰ ਧਿਆਇਓ
ਸਾਨੂੰ ਬੁੱਤਾਂ ਦੀ ਜੂਨ ਨਾ ਪਾਓ
ਨਹੀਂ ਤਾਂ ਰੁੱਤ ਨੇ ਕਰਵੱਟ ਨਹੀਂ ਲੈਣੀ
ਬੁੱਤ ਕਦੇ ਬਦਲ ਨਹੀਂ ਸਕਦੇ ਰੁੱਤ
ਇਹਨਾਂ ਚ ਕਦੇ ਜਾਗਦੀ ਨਹੀਂ ਕੋਈ ਭੁੱਖ
ਇਹਨਾਂ ਤੋਂ ਤਾਂ ਚੰਗੇ ਲੱਗਣ ਰੁੱਖ
ਜੋ ਪੁੱਛਣ ਰੋਜ਼ ਸਮੇਂ ਨੂੰ ਦੁੱਖ-