ਲੁੱਕ ਲੁੱਕ ਗੱਲਾਂ ਕਰਦੇ ਓ
ਇਹਦਾ ਮਤਲਬ ਡਰਦੇ ਓ
ਸੱਤ ਸੱਤ ਪੁੱਤਰ ਜੰਮ ਕੇ ਵੀ
ਧੀ ਜੰਮੇ ਤੇ ਮਰਦੇ ਓ
ਇੱਕ ਦੇ ਕੰਨੋਂ ਕੱਢ ਕੱਢ ਕੇ
ਦੂਜਿਆਂ ਦੇ ਕੰਨ ਭਰਦੇ ਓ
ਲੋਹੜਾ ਨਈਂ ਦੋ ਹਰਫ਼ਾਂ ਤੋਂ
ਤਿੰਨ ਹਰਫ਼ਾਂ ਵਿਚ ਹਰਦੇ ਓ
ਆਪਣੇ ਘਰ ਵਿਚ ਖਾਂਦੇ ਓ
ਦੂਜਿਆਂ ਦੇ ਘਰ ਚਰਦੇ ਓ
ਓਨੇ ਸਰਦੇ ਪੁੱਜਦੇ ਨਈਂ
ਜਿੰਨੇ ਪੁੱਜਦੇ ਸਰਦੇ ਓ
ਆਦਤ ਏ ਜਾਂ ਫ਼ਿਤਰਤ ਏ
ਅੱਗਾਂ ਲਾ ਲਾ ਠਰਦੇ ਓ
ਇੱਥੇ ਵੱਖ ਵੱਖ ਹੋ ਗਏ ਓ
ਪਿੱਛੋਂ ਇੱਕੋ ਘਰਦੇ ਓ
‘ਸੰਧੂ’ ਖੁਸ਼ ਏ ਡੁੱਬ ਕੇ ਵੀ
ਜੇ ਤੇ ਡੁੱਬਿਆਂ ਤਰਦੇ ਓ