ਮਾਂ-ਬੋਲੀ ਮਾਂ ਸਾਡੀ
ਮਾਂ- ਬੋਲੀ ਮਾਂ ਸਾਡੀ,
ਕਰੋ ਸਤਿਕਾਰ ਸਾਰੇ,
ਆਉ ਰਲ ਮਿਲ ਕੇ ਤੇ,
ਗੱਲ ਇਹ ਵਿਚਾਰੀਏ।
ਮਾਂ ਦਾ ਸਥਾਨ ਕਿਵੇਂ,
ਚਾਚੀ ਮਾਸੀ ਲੈ ਸਕੇ,
ਦਿਲ ਵਿਚੋਂ ਮਾਂ-ਬੋਲੀ
ਕਦੇ ਨਾ ਵਿਸਾਰੀਏ।
ਗੁਰੂਆਂ ਦੀ ਵਰੋਸਾਈ,
ਸੂਫ਼ੀਆਂ ਨੇ ਮਾਣ ਦਿੱਤਾ,
ਕਵੀਆਂ ਕਵੀਸ਼ਰਾਂ ਨੇ
ਇਸ ਨੂੰ ਦੁਲਾਰਿਆ।
ਢੋਲੇ, ਟੱਪੇ, ਮਾਹੀਏ,
ਲੋਕ-ਗੀਤਾਂ ਵਿੱਚ ਗੂੰਜਦੀ ਇਹ,
ਬਾਕੀ ਇਹਦੇ ਕਿੱਸਾਕਾਰਾਂ,
ਰੂਪ ਨੂੰ ਸ਼ਿੰਗਾਰਿਆ ।
ਸ਼ਹਿਦ ਨਾਲੋਂ ਮਿੱਠੜੀ ਇਹ,
ਕੰਨਾਂ ਵਿੱਚ ਰਸ ਘੋਲੇ,
ਬੋਲ-ਬੋਲ ਰੱਜੀਏ ਨਾ,
ਇਸ ਦਾ ਜਵਾਬ ਨਹੀਂ।
ਪੰਜਾਂ ਦਰਿਆਵਾਂ ਵਾਲੀ,
ਪਹੁੰਚੀ ਪਾਰ ਸਾਗਰਾਂ ਤੋਂ,
ਝੰਡਾ ਗੱਡੂ ਚੰਨ 'ਤੇ,
ਅੱਗੇ ਦਾ ਹਿਸਾਬ ਨਹੀਂ।
ਬੇਮੁੱਖ ਹੋਣ ਵਾਲੇ,
ਮਾਂ ਨੂੰ ਵਿਸਾਰ ਕਦੇ,
ਆਂਟੀ ਦੇ ਕੰਧਾੜੇ ਚੜ੍ਹ,
ਸੁੱਖ ਨਹੀਂ ਜੇ ਮਾਣਦੇ।
ਹੀਰਿਆਂ-ਜਵਾਹਰਾਂ ਅਤੇ,
ਮੋਤੀਆਂ ਨੂੰ ਛੱਡ ਕੇ ਤੇ,
ਐਵੇਂ ਰੋੜਾਂ ਵਾਲਾ ਪਏ,
ਘੱਟਾ ਨੇ ਉਹ ਛਾਣਦੇ।
ਨਾਨਕ ਫ਼ਰੀਦ,ਬਾਹੂ,
ਬੁੱਲ੍ਹੇ ਅਤੇ ਵਾਰਿਸਾਂ ਦੀ,
ਭਾਸ਼ਾ ਇਹ ਦੁਨੀਆਂ 'ਤੇ
ਦਸਵੇਂ ਸਥਾਨ 'ਤੇ।
ਦਿਲਾਂ ਉੱਤੇ ਰਾਜ ਕਰੇ,
ਬਣ ਪਟਰਾਣੀ ਚੜ੍ਹੀ,
ਨਜ਼ਮੀ ਤੇ ਪਾਤਰਾਂ ਜਹੇ,
ਪੁੱਤਾਂ ਦੀ ਜ਼ੁਬਾਨ 'ਤੇ।
ਬੋਲੀ ਸਾਡੀ ਮਾਣ ਸਾਡਾ,
ਇਹੋ ਪਹਿਚਾਣ ਸਾਡੀ,
ਪੜ੍ਹੀਏ ਪੜ੍ਹਾਈਏ ਸਾਡਾ,
ਇਹੋ ਵਿਸ਼ਵਾਸ ਏ।
ਸ਼ਾਦ ਤੇ ਆਬਾਦ ਰਹੇ,
ਜੁੱਗਾਂ ਤੱਕ ਗੂੰਜਦੀ,
ਸੱਚੇ ਰੱਬ ਅੱਗੇ,
'ਓਠੀ' ਇਹੋ ਅਰਦਾਸ ਏ।