ਮਾਂ ਦਾ ਪੁੱਤਰ

ਮਾਂ ਜਾਣਦੀ ਬੱਚਾ ਜਦ ਵੀ 

ਅਪਣਾ ਖ਼ੂਨ ਤੇ ਜੋਬਨ ਅਪਣਾ 

ਉਸਦੇ ਅਰਪਣ ਕਰ ਦੇਂਦੀ ਹੈ। 

ਲੋੜ ਉਸਨੂੰ ਰਹਿੰਦੀ ਨਹੀਂ ਅਪਣੀ 

ਸਭ ਕੁਝ ਬੱਚੇ ਦਾ ਹੋ ਜਾਂਦੈ। 

ਉਸਦੇ ਪਿਆਰ ਦਾ ਵੱਡਾ ਹਿੱਸਾ 

ਬੱਚੇ ਦਾ ਹੀ ਬਣ ਜਾਂਦਾ ਹੈ। 

ਹਰਦਮ ਉਸਦੀ ਖ਼ੈਰ ਮਨਾਵੇ 

ਵਾਰ ਦਏ ਅਪਣਾ ਸਭ ਕੁਝ ਹੀ 

ਪਰ ਬੱਚੇ ਨੂੰ ਖ਼ੁਸ਼ ਰਖਦੀ ਹੈ 

ਹਰ ਕੀਮਤ ਤੇ ਹਰ ਹਾਲਤ ਵਿਚ

ਬੱਚਾ ਜਿਹੜਾ ਫ਼ਰਜ਼ ਪਛਾਣੇ 

ਪਿਆਰ ਦਾ ਬਦਲਾ ਪਿਆਰ ਦੇ ਵਿਚ ਹੀ 

ਦੇਣ ਲਈ ਜੋ ਦੁਖੜੇ ਝੱਲੇ

ਵਾਰ ਜੋ ਹੁੰਦਾ ਹੈ ਮਾਂ ਉਤੇ 

ਅਪਣੀ ਛਾਤੀ ਤੇ ਝਲਦਾ ਹੈ। 

ਢਾਲ ਬਣਾ ਕੇ ਜਿਸਮ ਅਪਣਾ ਉਹ 

ਜਣਿਆ ਮਾਂ ਦਾ ਅਖਵਾਂਦਾ ਹੈ । 

ਖ਼ੂਨ ਨਿਚੋੜੇ ਅਪਣਾ ਜਿਹੜਾ 

ਅਪਣੀ ਪਿਆਰੀ ਅੰਮੀ ਖ਼ਾਤਰ । 

ਭੀੜ ਬਣੇ ਜਦ ਮਾਂ ਤੇ, ਜਿਹੜਾ 

ਛਾਤੀ ਠੋਕ ਕੇ ਅੱਗੇ ਆਵੇ 

ਬਣ ਜਾਂਦਾ ਹੈ ਰਾਖਾ ਮਾਂ ਦਾ। 

ਹਰ ਕੀਮਤ ਤੇ ਹਰ ਹਾਲਤ ਵਿਚ 

ਓਹੀਊ ਮਾਂ ਦਾ ਪੁੱਤ ਕਹੌਂਦੈ। 

ਜਣਿਆ ਮਾਂ ਦਾ ਅਖਵਾਉਂਦਾ ਹੈ।

ਧਰਤੀ ਵੀ ਤੇ ਮਾਂ ਹੁੰਦੀ ਹੈ। 

ਓਹੀਉ ਰੁਤਬਾ ਹੋ ਜਾਂਦਾ ਹੈ

ਉਸਦੇ ਲੋਕਾਂ ਦੀ ਜਨਤਾ ਦਾ

ਉਹ ਜਨਤਾ ਹੁੰਦੀ ਹੈ ਹਿੱਸਾ 

ਮਾਨਵ ਦਾ ਇਨਸਾਨੀਅਤ ਦਾ । 

ਇਸਦੀ ਖ਼ਾਤਰ ਮਰਦਾ ਹੈ ਜੋ 

ਭੇਟ ਜਵਾਨੀ ਕਰਦਾ ਹੈ ਜੋ, 

ਅਪਣਾ ਆਪ ਸਮੇਂ ਲੈਂਦਾ ਹੈ 

ਅਪਣੀ ਮਾਂ ਦੇ ਪਿਆਰ ਦੇ ਵਿਚ ਹੀ

ਉਸਦੇ ਦੁੱਖਾਂ ਨੂੰ ਹਰਦਾ ਹੈ 

ਹਰ ਕੀਮਤ ਤੇ ਹਰ ਹਾਲਤ ਵਿਚ 

ਓਹੀਉਂ ਮਾਂ ਦਾ ਪੁੱਤ ਕਹੌਂਦੈ।

ਲੈਨਿਨ ਦੀ ਧਰਤੀ ਪਿਆਰੀ

ਤੂੰ ਓਦਾਂ ਦਾ ਪੁੱਤਰ ਜਣਿਆ। 

ਭੀੜ ਦੇਖਕੇ ਤੇਰੇ ਉੱਤੇ

ਸਹਿ ਨਾ ਸਕਿਆ ਰਹਿ ਨਾ ਸਕਿਆ । 

ਛਾਤੀ ਠੋਕ ਕੇ ਅੱਗੇ ਆਇਆ 

ਸੀਸ ਤਲੀ ਤੇ ਆਇਆ ਧਰਕੇ 

ਕੁਰਬਾਨੀ ਦਾ ਹੋਕਾ ਦਿੱਤਾ, 

ਉਸਨੇ ਮਰ ਜੀਉੜੇ ਲੋਕਾਂ ਨੂੰ,

"ਉਠ ਜਾਗੋ, ਜਾਗੋ, ਜਾਗੋ 

ਵੇਲਾ ਆਇਆ ਹੈ ਜਾਗਣ ਦਾ 

ਮਾਨਵਤਾ ਦੀ ਝੋਲੀ ਭਰੀਏ 

ਆਉ ਵੀਰੋ ਤੇ ਬਲਕਾਰੋ 

ਕੁਰਬਾਨੀ ਦਾ ਕੁੰਡ ਬਣਾਈਏ । 

ਅਪਣਾ ਖ਼ੂਨ ਤੇ ਮਿਝ ਅਪਣੀ ਦੀ 

ਧੂਣੀ ਦੇਈਏ ਜਨਤਾ ਮਾਂ ਨੂੰ 

ਮਹਿਲ ਬਣਾਈਏ ਮਾਨਵਤਾ ਦਾ 

ਅਪਣੇ ਖ਼ੂਨ ਤੇ ਮਿਝ ਅਪਣੀ ਦਾ 

ਗਾਰਾ ਲਾਈਏ ਦੀਵਾਰਾਂ ਵਿਚ

ਹਡੀਆਂ ਲਾਕੇ ਇੱਟਾਂ ਥਾਵੇਂ 

ਮਹਿਲ ਉਸਾਰੀ ਕਰੀਏ ਸੁਹਣੀ

ਜਿਸ ਵਿਚ ਬੈਠੇ ਜਨਤਾ ਮਾਤਾ। 

ਮਿਹਨਤ ਹਰ ਇਕ ਪਖ ਤੋਂ ਕਰੀਏ !

ਸੰਗਲ ਤੋੜ ਵਖਾਈਏ ਉਹ ਜੋ 

ਲਾਏ ਹੋਏ ਨੇ ਸਾਨੂੰ ਤੇ 

ਪੂੰਜੀ-ਪਤੀਆਂ ਤੇ ਧਨਵਾਨਾਂ, 

ਰਜਵਾੜੇ ਤੇ ਲੋਟੂ ਲੋਕਾਂ 

ਨੇ ਕੀਤਾ ਹੈ ਜਿਚ ਜਨਤਾ ਨੂੰ

ਆਉ ! ਕਰੀਏ ਮੁਕਤ ਏਨ੍ਹਾਂ ਤੋਂ 

ਅਪਣੀ ਜਨਤਾ ਮਾਤਾ ਤਾਈਂ।”

ਹੋਕਾ ਸੁਣਕੇ ਮਰ-ਜੀਉੜੇ ਦਾ 

ਮਾਂ ਦੇ ਉਸ ਪੱਤਰ ਦਾ ਹੋਕਾ 

ਜਿਸ ਦੇ ਦਿਲ ਵਿਚ ਇਕ ਭਾਂਬੜ ਸੀ। 

ਕੁਰਬਾਨੀ ਦੇ ਜਜ਼ਬੇ ਦੀ ਤੇ 

ਆਤਮ-ਅਰਪਨ ਦੀ ਸੱਧਰ ਦਾ । 

ਹੋਕਾ ਸੁਣਕੇ ਮਰ-ਜੀਉੜੇ ਦਾ 

ਅੱਗੇ ਆਏ ਯੋਧੇ ਕਾਮੇ 

ਤੇ ਕਿਰਸਾਨ ਬੜੇ ਬਲਕਾਰੀ 

ਸੀਸ ਤਲੀ ਤੇ ਧਰਕੇ ਆਏ 

ਜਨਤਾ ਦੇ ਮਤਵਾਲੇ ਯੋਧੇ। 

ਉਸਦੇ ਪਿੱਛੇ ਹੋਏ ਕੱਠੇ 

ਜੁਗ-ਪਲਟਾਊ ਜਜ਼ਬਾ ਲੈ ਕੇ 

ਮਾਵਾਂ ਦੇ ਇਹ ਪੁੱਤਰ ਪਿਆਰੇ । 

ਗੱਜਿਆ ਜਦ ਉਹ ਸ਼ੇਰ ਦੇ ਵਾਂਗੂ 

ਸਰਮਾਇਦਾਰੀ ਕੰਬ ਉੱਠੀ 

ਵਖਤ ਪਿਆ ਸ਼ਾਹੀ ਠਾਠਾਂ ਨੂੰ

ਭੱਜਣ ਲੱਗੇ ਲੋਟੂ ਬੰਦੇ 

ਜੋ ਹੈ ਸਨ ਜਨਤਾ ਦੇ ਵੈਰੀ 

ਜੁਗ ਪਲਟੇ ਦੇ ਸਨ ਜੋ ਦੋਖੀ। 

ਥੰਮ ਥਿੜਕੇ ਮਹਿਲਾਂ ਦੇ ਉੱਚੇ 

ਬੁਰਜ ਉਨ੍ਹਾਂ ਦੇ ਭੋਂ ਤੇ ਡਿੱਗੇ । 

ਪੱਧਰ ਹੋਈ ਏਦਾਂ ਸਾਰੇ

ਡਿੱਗਣ ਲੱਗੇ ਇਕ ਇਕ ਕਰਕੇ 

ਮੋਟੇ ਢਿੱਡਾਂ ਵਾਲੇ ਸਾਰੇ । 

ਉੱਠਣ ਲੱਗੇ ਕਾਮੇ ਬਾਬੂ 

ਤੇ ਕਿਰਸਾਨ ਇਕੱਠੇ ਹੋ ਕੇ

ਚਾਰ ਕੁ ਉਤਲੇ ਥੱਲੇ ਆਏ 

ਬਾਕੀ ਜਨਤਾ ਉੱਤੇ ਆਈ

ਲਾਲ ਹਨੇਰੀ ਝੁੱਲੀਂ ਏਦਾਂ 

ਰੰਗ ਲਗਾਇਆ ਬਦਲਾਇਆ ਤੇ 

ਜੁਗ ਪਲਟਾਕੇ ਇੰਝ ਵਖਾਇਆ 

ਤੇਰੇ ਯੋਧੇ ਵੀਰ ਸਪੁੱਤਰ । 

ਸੀਸ ਤਲੀ ਤੇ ਧਰਕੇ ਜਦ ਉਸ 

ਜੁਗ-ਪਲਟੇ ਦਾ ਹੋਕਾ ਦਿੱਤਾ । 

ਤੇਰੀਆਂ ਅਖੀਆਂ ਦਾ ਇਹ ਤਾਰਾ 

ਤਾਰਾ ਦੁਨੀਆ ਦਾ ਬਣਿਆ ਫਿਰ । 

ਵਿਹੜਾ ਤੇਰਾ ਰੋਸ਼ਨ ਕੀਤਾ । 

ਜਗ-ਮਗ ਕੀਤਾ ਚਾਣਨ ਦੇ ਕੇ 

ਜਿਸਦਾ ਜਲਵਾ ਸਭ ਨੇ ਡਿੱਠਾ। 

ਜਿਸਦਾ ਚਾਨਣ ਸਾਰੇ ਹੋਇਆ 

ਇਸ ਵਿਹੜੇ ਵਿਚ ਉਸ ਵਿਹੜੇ ਵਿਚ । 

ਹੌਲੀ ਹੌਲੀ ਪਲਟਣ ਲੱਗੇ 

ਪਲਟ ਰਹੇ ਨੇ ਤੇ ਪਲਟਣਗੇ, 

ਕਿਉਂਕਿ ਪੁੱਤਰ ਜਣਿਆ ਤੇਰਾ 

ਰਣ ਭੂਮੀ ਵਿਚ ਕੁੱਦ ਪਿਆ ਸੀ, 

ਰਾਹ ਦਿਖਲਾਇਆ ਜਿਸਨੇ ਸਭ ਨੂੰ 

ਇਕਮਿਕਤਾ ਦਾ ਮਿਲ ਬੈਠਣ ਦਾ 

ਸਾਂਝਾਂ ਦਾ ਤੇ ਕੁਰਬਾਨੀ ਦਾ । 

ਸਾਰੇ ਭੇਦ ਮਿਟਾ ਕੇ ਅਪਣੇ 

ਵਖਰੇ ਰੰਗਾਂ ਦੇ, ਮਜ਼੍ਹਬਾਂ ਦੇ, 

ਵੱਖੋ ਵੱਖਰੀਆਂ ਨਸਲਾਂ ਦੇ। 

ਕੁੱਖ ਸੁਲਖਣੀ ਕੀਤੀ ਉਸ ਨੇ 

ਅਪਣੀ ਮਾਂ ਦੀ ਤੇ ਤੇਰੀ ਵੀ 

ਕਿਉਂਕਿ ਕਹਿੰਦੇ ਨੇ ਇਹ ਦਾਨੇ 

ਧਰਤੀ ਵੀ ਤੇ ਮਾਂ ਹੁੰਦੀ ਹੈ।

📝 ਸੋਧ ਲਈ ਭੇਜੋ