ਮਾਂ ਧਰਤੀਏ

ਮਾਂ ਧਰਤੀਏ ਸਦਾ ਸੁਹਾਗਣੇ ਨੀ,

ਮੇਰੇ ਯਾਰਾਂ ਨੂੰ ਜਨਮ ਨਾ ਦੇਈਂ ਉੱਥੇ

ਜੀਹਦੇ ਨਰਮੇ ਕਪਾਹਾਂ ਦੇ ਵਿਚ ਮੇਰੀ,

ਮਾਂ ਮਰਗੀ ਕਿਰਤਾਂ ਦੀ ਕੂਕ ਬਣ ਕੇ

ਜੀਹਦੇ ਟਿੱਬਿਆ ਅੰਦਰ ਹੈ ਬਾਪ ਮੇਰਾ,

ਰੁਲਿਆ ਪਿਆ ਰੇਤੇ ਦੀ ਹੂਕ ਬਣ ਕੇ

ਮਾਂ ਧਰਤੀਏ ਸਦਾ ਸੁਹਾਗਣੇ ਨੀ,

ਮੇਰੇ ਯਾਰਾਂ ਨੂੰ ਜਨਮ ਨਾ ਦੇਈਂ ਉੱਥੇ

ਜਿੱਥੇ ਮਾਂ ਦੀ ਲਾਵਾਰਸ ਲਾਸ਼ ਉੱਤੇ,

ਬੈਠਾ ਬਾਲ ਕੋਈ ਨਹਿਰ ਵਿਚ ਜਾਏ ਤਰਦਾ

ਸਾਡੇ ਬੋਹਲਾਂ ਦੀ ਕਣਕ ਦਾ ਰੰਗ ਜਿੱਥੇ,

ਕਾਲੀ ਕੁਰਸੀ ਦੇ ਰੰਗ ਵਿਚ ਜਾਏ ਰਲਦਾ

ਮਾਂ ਧਰਤੀਏ ਸਦਾ ਸੁਹਾਗਣੇ ਨੀ,

ਮੇਰੇ ਯਾਰਾਂ ਨੂੰ ਜਨਮ ਨਾ ਦੇਈਂ ਉੱਥੇ

ਜੀਹਦੇ ਸੋਹਣਿਆਂ ਸ਼ਹਿਰਾਂ ਦੀ ਸ਼ਾਨ ਮੂਹਰੇ,

ਝੁਕੇ ਪਏ ਨੇ ਪਿੰਡ ਕਮਾਨ ਵਾਂਗੂੰ

ਅਰਥਚਾਰਾ ਹੈ ਵੇਸਵਾ ਵਾਂਗ ਜਿਸ ਦਾ,

ਝੋਲੀ ਜੀਹਦੀ ਬੇਅਣਖੇ ਇਨਸਾਨ ਵਾਗੂੰ

ਮਾਂ ਧਰਤੀਏ ਸਦਾ ਸੁਹਾਗਣੇ ਨੀ,

ਮੇਰੇ ਯਾਰਾਂ ਨੂੰ ਜਨਮ ਨਾ ਦੇਈਂ ਉੱਥੇ

ਜਿੱਥੇ ਖੂਨ ਹੈ ਮੇਰਿਆਂ ਵੀਰਿਆਂ ਦਾ,

ਵਿਛਿਆ ਸੜਕਾਂ 'ਤੇ ਹੱਕਾਂ ਦੀ ਲੁੱਕ ਬਣ ਕੇ

ਬੁੱਚੜਖਾਨਿਆਂ 'ਚੋ ਜਿੱਥੇ ਲੋਕ ਮੇਰੇ,

ਨਿੱਤਰ ਰਹੇ ਇਤਿਹਾਸ ਦੀ ਠੁੱਕ ਬਣ ਕੇ

ਮਾਂ ਧਰਤੀਏ ਸਦਾ ਸੁਹਾਗਣੇ ਨੀ,

ਮੇਰੇ ਯਾਰਾਂ ਨੂੰ ਜਨਮ ਤੂੰ ਦੇਈਂ ਉੱਥੇ

ਜੀਹਦੇ ਲੋਕਾਂ ਨੇ ਗੁਰੂ ਗੋਬਿੰਦ ਵਰਗਾ,

ਲੋਕ-ਝਿੜੀ ਦੇ ਵਿੱਚ ਲੁਕੋ ਲਿਆ ਹੈ

ਜੀਹਦੀ ਗੋਦ ਪੁੱਤਰਾਂ ਨਕਸਲਬਾੜੀਆਂ ਦਾ,

ਸੇਕ ਸਾਰਾ ਹੀ ਸੀਨੇ ਸਮੋ ਲਿਆ ਹੈ

ਮਾਂ ਧਰਤੀਏ ਸਦਾ ਸੁਹਾਗਣੇ ਨੀ,

ਮੇਰੇ ਯਾਰਾਂ ਨੂੰ ਜਨਮ ਤੂੰ ਦੇਈਂ ਉੱਥੇ

📝 ਸੋਧ ਲਈ ਭੇਜੋ