ਤਾਰਾ ਬਣ ਗਈ ਮਾਂ ਦੀ, ਮਮਤਾ ਹੋਈ ਨਾ ਗੁੰਮ ।
ਸੁਪਨੇ ਵਿੱਚ ਵੀ ਅੰਮੜੀ, ਮੱਥਾ ਲੈਂਦੀ ਚੁੰਮ।
ਜਨਮ-ਦਾਤੀ ਨੂੰ ਸਜ਼ਦਾ ਮਾਂ ਧਰਤੀ ਨੂੰ ਸਲਾਮ।
ਮਾਂ – ਬੋਲੀ ਤੋਂ ਸਦਕੇ, ਲੱਖ ਵਾਰੀ ਪ੍ਰਨਾਮ।
ਮਾਂ ਦੀ ਇੱਕ ਦੁਆ ਦੀ, ਹੋ ਨਾ ਸਕਦੀ ਰੀਸ।
ਸੌ ਵਰ੍ਹਿਆਂ ਦੇ ਵਾਂਗ ਹੈ, ਮਾਂ ਦੀ ਇੱਕ ਅਸੀਸ।
ਕੁੱਲ ਜਹਾਨ ਤੋਂ ਰੌਣਕਾਂ, ਭਾਵੇਂ ਘਰ ਆ ਜਾਣ।
ਜਿਸ ਦੇ ਘਰ ਵਿੱਚ ਮਾਂ ਨਾ, ਲੱਗੇ ਸੁੰਨ-ਮਸਾਣ।
ਮਤਰੇਆਂ ਦੇ ਵਾਂਗ ਹੀ ਕਰਦੇ ਕਈ ਵਿਹਾਰ।
ਕਰਮਾਂ ਵਾਲੇ ਮਾਣਦੇ, ਮਾਂ – ਬਾਪ ਦਾ ਪਿਆਰ।
ਘਰ ਨੂੰ ਭਾਵੇਂ ਵੰਡਿਆ, ਪੁੱਤਾਂ ਅੱਧੋ–ਅੱਧ ।
ਮਿੱਟੀ ਮਾਂ ਦੇ ਪੈਰ ਦੀ, ਜ਼ੰਨਤ ਤੋਂ ਵੀ ਵੱਧ।
ਰੱਬ ਕਰੇ ਨਾ ਮਾਂ ਮਰੇ ਸ਼ਾਲਾ ! ਜੀਵੇ ਬਾਪ।
ਮੰਗਣ ਸੁੱਖ ਔਲਾਦ ਦੀ, ਕੁਝ ਨਾ ਚਾਹਵਣ ਆਪ।
ਸਾਥੋਂ ਦੂਰ ਮਾਂ ਤੁਰ ਗਈ, ਪਰ ਸਾਹੀਂ ਆਬਾਦ।
ਪੱਲੇ ਵਿੱਚ ਨਸੀਹਤਾਂ, ਹਰ ਦਮ ਆਵੇ ਯਾਦ।
ਮਰ ਕੇ ਵੀ ਨਾ ਨਿਕਲਣੀ, ਦਿਲ ਚੋਂ ਮਾਂ ਦੀ ਯਾਦ ।
ਕੱਲ੍ਹ ਵਾਂਗ ਹੀ ਸੱਜਰੀ, ਰਹਿਣੀ ਸਦਾ ਆਬਾਦ ।
ਹੁਣ ਨਾ ਕਿਸੇ ਵੀ ਆਖਣਾ, ਮੇਰਾ ਰਾਜਾ ਪੁੱਤ।
ਜਾਪੇ ਸਾਥੋਂ ਰੁੱਸ ਗਈ, ਜਿਉਂ ਬਹਾਰ ਦੀ ਰੁੱਤ ।
ਜੇ ਹੱਕ ਹੁੰਦਾ ਮਾਂ ਨੂੰ, ਲਿਖਦੀ ਨਾ ਕੋਈ ਦੁੱਖ ।
ਬੱਚਿਆਂ ਦੀ ਤਕਦੀਰ ਵਿਚ, ਹੁੰਦੇ ਸੁੱਖ ਹੀ ਸੁੱਖ।
ਸ਼ਾਲਾ! ਸਿਰ ਉੱਤੇ ਰਹੇ ਸਦਾ, ਮਾਂ ਜਿਹੀ ਠੰਢੀ ਛਾਂ।
ਮਾਂ ਤਾਂ ਹੁੰਦੀ ਸੱਜਣੋਂ, ਰੱਬ ਦਾ ਦੂਜਾ ਨਾਂ ।