ਰਹਿਣ ਸਦਾ ਹੀ  ਹੱਸਦੀਆਂ  ਮਾਵਾਂ।

ਇਹ ਤਾਂ ਹਨ ਜੰਨਤ ਦਾ ਸਿਰਨਾਵਾਂ।

ਕੋਈ ਨਾ ਐਨਾ ਲਾਡ ਲਡਾਵੇ,

ਹੱਲਾਸ਼ੇਰੀ  ਦੇ   ਸ਼ੇਰ  ਬਣਾਵੇ।

ਕਿਹੜਾ ਮੰਗੇ ਸੁੱਖਾਂ ਸਾਡੀਆਂ,

ਹਰ ਪਲ ਸਾਡੇ ਹੀ ਲੇਖੇ ਲਾਵੇ।

ਸੌ ਸੁਰਗਾਂ ਜੇਹੀ ਜਿਸਦੀ ਗੋਦੀ,

ਜੋ ਮਿਲਦੀ ਨਾ ਹਰ ਥਾਂ ਹੁੰਦੀ ਹੈ।

ਉਹ ਤਾਂ ਲੋਕੋ! ਬਸ ਮਾਂ ਹੁੰਦੀ ਹੈ।

ਮਾਂ  ਹੁੰਦੀ ਹੈ  ਜੀ  ਮਾਂ  ਹੁੰਦੀ ਹੈ।

ਸਹਿ ਕੇ ਪੀੜਾਂ ਜਿਸ ਜੱਗ ਦਿਖਾਇਆ,

ਮਮਤਾ ਦਾ ਮੀਂਹ ਜਿਸ ਵਰਸਾਇਆ।

ਹਰ  ਦੁੱਖ  ਵੇਲੇ  ਜੋ  ਚੇਤੇ  ਆਵੇ,

ਰੱਬ ਤੋਂ ਪਹਿਲਾਂ ਜੋ ਮੂੰਹੋਂ ਆਇਆ।

ਜਿਸਦਾ ਨਾਂ ਤਨ ਮਨ ਨੂੰ ਠਾਰੇ,

ਜੀਂਕਣ  ਬੋਹੜ ਦੀ ਛਾਂ  ਹੁੰਦੀ ਹੈ।

ਉਹ ਤਾਂ ਲੋਕੋ! ਬਸ ਮਾਂ ਹੁੰਦੀ ਹੈ।

ਮਾਂ  ਹੁੰਦੀ ਹੈ  ਜੀ  ਮਾਂ  ਹੁੰਦੀ  ਹੈ।

ਬੱਚਿਆਂ ਦੇ ਵਿੱਚ ਜਿਸਦੀ ਰੂਹ ਵੱਸੇ,

ਖੁਸ਼ ਹਨ ਬੱਚੜੇ  ਤਾਂ  ਉਹ  ਵੀ ਹੱਸੇ।

ਕੋਈ ਨਾ ਇਸਦਾ ਸਾਨੀ ਜੱਗ 'ਤੇ,

ਜੇ ਕੋਈ ਹੈ  ਤਾਂ ਉਹ  ਮੈਨੂੰ  ਦੱਸੇ।

ਕੁਦਰਤ ਵਾਂਗੂੰ ਉਹ ਪਾਲੈ ਸਭ ਨੂੰ,

ਰੱਬ ਤੋਂ ਪਹਿਲਾਂ ਉਹ ਤਾਂ ਹੁੰਦੀ ਹੈ।

ਉਹ ਤਾਂ ਲੋਕੋ! ਬਸ ਮਾਂ ਹੁੰਦੀ ਹੈ।

ਮਾਂ  ਹੁੰਦੀ ਹੈ  ਜੀ  ਮਾਂ  ਹੁੰਦੀ  ਹੈ।

ਜਿਸਦੇ  ਕੋਲੈ  ਉਹ ਕਰ ਲੋ  ਪੂਜਾ,

ਇਹਦੇ ਵਰਗਾ ਨਾ ਰਿਸ਼ਤਾ ਦੂਜਾ।

ਜਿਸਦੀਆਂ ਝਿੜਕਾਂ ਵਿੱਚ ਵੀ ਮਿੱਠਤ,

ਮਾਖਿਉਂ ਮਿੱਠੀ ਜਿਉਂ ਮਿਸ਼ਰੀ ਕੂਜਾ।

ਅਮਰ  ਕਹੇ  ਜੰਨਤ  ਵੀ  ਸਾਰੀ,

ਜਿਸਦੇ   ਪੈਰਾਂ  ਹੇਠਾਂ   ਹੁੰਦੀ  ਹੈ।

ਉਹ ਤਾਂ ਲੋਕੋ! ਬਸ ਮਾਂ ਹੁੰਦੀ ਹੈ।

ਮਾਂ  ਹੁੰਦੀ ਹੈ  ਜੀ  ਮਾਂ  ਹੁੰਦੀ  ਹੈ।

📝 ਸੋਧ ਲਈ ਭੇਜੋ