ਖੁੱਲੀ ਕਿਤਾਬ
ਸੁਰੀਲਾ ਜੇਹਾ ਗੀਤ ਮਾਂ
ਮਾਂ ਪਿੰਡ ਹੈ
ਛਾਂ ਮਾਂ ਹੈ
ਵੱਡਾ ਵਿਹੜਾ ਬੋਹੜ ਦੀ ਸੰਘਣੀ ਛਾਂ
ਅਸੀਸਾਂ ਦਾ ਚਸ਼ਮਾ ਕਲਪ ਬਿਰਖ
ਤਿਆਗ ਮੁਜੱਸਮਾ ਤਪਸਵੀ ਦੁੱਖ ਜਫ਼ਰ ਜਾਲਣੀ
ਵੱਡਾ ਰੱਬ ਪਾਵਨ ਪੁਸਤਕ
ਬਿਰਹੋਂ ਦਾ ਤੀਰਥ
ਸਵਰਗ ਨਾਲੋਂ ਉੱਤਮ ਫਰਿਸ਼ਤਾ ਰੂਪ
ਓਸ ਵਿਹੜੇ ਛਾਂ ਨਹੀਂ ਹੁੰਦੀ
ਜਿਸ ਘਰ ਲੋਕੋ ਮਾਂ ਨਹੀਂ ਹੁੰਦੀ
ਨਿੱਘ ਕੁਰਬਾਨੀ ਅਤੇ ਪਿਆਰ ਦਾ ਅਹਿਸਾਸ ਓਦੋਂ ਹੁੰਦਾ ਹੈ
ਜਦ ਉਹ ਵਿੱਛੜ ਜਾਂਦੀ ਹੈ
ਮਾਂ ਸਭ ਤੋਂ ਵੱਡੀ ਸੰਸਥਾ
ਓਹਦਾ ਇਕ ਚੁੰਮਣ ਵਿਸ਼ਵ ਪ੍ਰਸਿੱਧ ਨਜ਼ਾਰਾ
ਗੁਰੂ ਪੀਰ ਪੈਗ਼ੰਬਰ ਸੰਤ ਭਗਤੀ ਮਾਂ
ਕਹਿੰਦੀ ਹੁੰਦੀ ਸੀ ਹੁਣ ਕਦੋਂ ਆਵੇਂਗਾ ਪੁੱਤ?
ਮਾਂ ਨੂੰ ਕਬਰਾਂ ਦੇ ਰਾਹ ਟੁਰ ਗਈ ਨੂੰ ਸੱਤ ਸਾਲ ਹੋ ਚੁੱਕੇ ਹਨ
ਫ਼ੋਨ ਦੀ ਤਾਰ ਕੱਟੀ ਗਈ ਹੈ
ਮਾਂ ਸਦਕਾ ਖੁੱਲ੍ਹੇ ਰਹਿਣ ਵਾਲੇ ਦਰ
ਬੰਦ ਹੋ ਗਏ ਹਨ ਹੁਣ
ਦੋਸਤੋ! ਬਹੁਤ ਮੁਸ਼ਕਲ ਹੁੰਦਾ ਏ
ਮੁਖ਼ਾਤਿਬ ਹੋਣਾ ਬੰਦ ਬੂਹਿਆਂ ਨੂੰ
ਤੇ ਜਾਂ ਦਰਾਂ ਦੀ ਉਡੀਕ ਬਣ ਕੇ
ਸਦਾ ਲਈ ਦੂਰ ਤੁਰ ਗਈਆਂ
ਮਾਵਾਂ ਦੇ ਮੂਕ ਰੁਦਨ ਨੂੰ ਸੁਣਨਾ
ਸਭ ਤੋਂ ਵੱਡਾ ਰਹਿਨੁਮਾ ਮਾਰਗ ਦਰਸ਼ਕ
ਪੁੱਤਾਂ ਦੇ ਰਾਹਾਂ 'ਚੋਂ ਕੰਡੇ ਚੁਗ ਕੇ
ਆਪਣੇ ਪੋਟਿਆਂ ਨੂੰ ਪੀੜਾ ਕਰਨ ਵਾਲੀ
ਮਲੂਕ ਪੈਰਾਂ ਹੇਠ ਤਲੀਆਂ ਧਰਨ ਵਾਲੀ
ਲਾਡਲਿਆਂ ਨੂੰ ਰੋੜਾਂ ਦੀ ਚੁਭਣ ਤੋਂ ਬਚਾਉਣ ਲਈ
ਸਭ ਤੋਂ ਵੱਡੀ ਸੁਪਨਸਾਜ਼ ਬੱਚਿਆਂ ਦੀ
ਨੈਣਾਂ ਵਿਚ ਸੁਪਨੇ ਧਰਦੀ
ਲੋੜਾਂ ਥੋੜਾਂ ਦੀ ਪ੍ਰਵਾਹ ਕੀਤੇ ਬਿਨਾਂ
ਬੱਚਿਆਂ ਦੇ ਚਾਅ ਪੂਰੇ ਕਰਦੀ
ਸਭ ਤੋਂ ਵੱਡੀ ਖ਼ੈਰ-ਖਵਾਹ
ਚੜ੍ਹਦੀ ਕਲਾ ਲਈ ਅਰਦਾਸਾਂ ਕਰਦੀ ਸੁੱਖਾਂ ਮੰਗਦੀ
ਟੁੱਟਦੇ ਸਾਹਾਂ ਦੀ ਅਉਧ ਹੰਢਾਉਂਦਿਆਂ ਵੀ
ਬੱਚਿਆਂ ਦੀ ਲੰਮੀ ਉਮਰ ਦੀ ਦੁਆਵਾਂ ਕਰਦੀ ਧਰਤ
ਪਿਆਰ ਹਮਦਰਦੀ ਦੇ ਫ਼ੇਹੇ ਧਰਦੀ ਜ਼ਖ਼ਮਾਂ 'ਤੇ
ਮੋਹ ਦੀਆਂ ਟਕੋਰਾਂ ਕਰਦੀ
ਦਰਦ ਹਰਦੀ ਸਿੰਮਦੀ ਪੀੜ 'ਤੇ
ਕੁਦਰਤ ਦੀ ਮਹਾਨ ਕਿਰਤ
ਤਹਿਜ਼ੀਬ ਦੀ ਅਣਮੋਲ ਦਾਤ
ਧਰਤ ਦੇ ਵਿਹੜੇ 'ਚ ਸਿਤਾਰਿਆਂ ਦੀ ਪਰਾਤ
ਜੋ ਨਿੱਘ ਤਰੌਂਕੇ ਰਿਸ਼ਮਾਂ ਵੰਡੇ
ਸੁਖਨ ਦੀ ਰਿਮਝਿਮ
ਆਪਣਾ ਆਪਾ ਜਾਇਆਂ ਤੋਂ ਵਾਰੇ
ਮੰਜ਼ਲਾਂ ਦੀ ਪ੍ਰਾਪਤੀ ਦਾ ਅਹਿਦ
ਮਾਨਵਤਾ ਦਾ ਸਭ ਤੋਂ ਵੱਡਾ ਤੋਹਫ਼ਾ
ਜੀਵਨ-ਜਾਚ ਦੀ ਪਾਠਸ਼ਾਲਾ
ਜ਼ਿੰਦਗੀ ਦੀ ਸੁਚੱਜੀ ਵਿਚਾਰਧਾਰਾ
ਨਿਮਰਤਾ ਦਾ ਮੁਜੱਸਮਾ
ਉਹ ਹੋਵੇ ਘਰ ਉਡੀਕਣ
ਘੂਰੀਆਂ ਝਿੜਕਾਂ ਦੇ ਪਲ ਮੁੜ ਜਿਊਣ
ਗ਼ੈਰ-ਹਾਜ਼ਰੀ ਵਿਚ ਦਰ ਉਦਾਸ ਹੋ ਜਾਣ
ਉਡੀਕ ਖਤਮ ਹੋ ਜਾਵੇ
ਸਿਵਾ ਸੇਕਣਾ ਵੀ ਨਸੀਬ ਨਾ ਹੋਵੇ
ਮੜ੍ਹੀਆਂ ਦੀ ਰਾਖ਼ ਫਰੋਲਣ ਜੋਗੇ ਰਹਿ ਜਾਣ ਪੁੱਤ
ਨਾਲ ਹੀ ਰੁਖ਼ਸਤ ਹੋ ਜਾਂਦੀਆਂ ਨੇ ਦਾਤਾਂ ਦੀਆਂ ਕਣੀਆਂ
ਬੁਝ ਜਾਂਦੇ ਨੇ ਰਹਿਮਤਾਂ ਦੇ ਚਿਰਾਗ਼ ਜਦ ਟੁਰ ਜਾਵੇ
ਕੰਬਣ ਲੱਗ ਜਾਣ ਹੱਥਾਂ ਨਾਲ ਦਿੱਤੀਆਂ ਅਸੀਸਾਂ
ਜਦ ਬੋਲ ਯਾਦ ਆਉਂਦੇ ਨੇ
ਤਾਂ ਮਨ-ਮਮਟੀ 'ਤੇ ਚਿਰਾਗ਼ ਜਗਦਾ ਹੈ
ਪੁੱਤ ਭੁੱਖ ਤਾਂ ਨਹੀਂ ਲੱਗੀ
ਵੇਲੇ ਸਿਰ ਰੋਟੀ ਖਾ ਲਿਆ ਕਰ
ਨੀਂਦ ਪੂਰੀ ਜ਼ਰੂਰ ਕਰਿਆ ਕਰ
ਆਪਣੀ ਸਿਹਤ ਦਾ ਖਿਆਲ ਰੱਖੀਂ
ਧੁਖ਼ਦੀਆਂ ਤਿੱਖੜ ਦੁਪਹਿਰਾਂ ਮਾਵਾਂ ਬਲਦੀਆਂ ਛਾਵਾਂ
ਗ਼ਮ ਅਤੇ ਵਿਗੋਚਿਆਂ 'ਚ
ਮੱਥੇ 'ਤੇ ਉੱਕਰੇ ਦਿਸਹੱਦਿਆਂ ਦਾ ਨਾਮਕਰਨ
ਕਰਮ ਸਾਧਨਾ ਅਚੇਤ ਮਨਾਂ 'ਚ ਉੱਕਰੀ ਵਰਣਮਾਲਾ
ਅਕਲ-ਕਟੋਰਾ
ਅਤੇ ਕੰਨ-ਮਰੋੜਨੀ ਮੋਹ ਭਿੱਜੀ ਘੂਰੀ
ਸਭ ਤੋਂ ਵੱਡੀ ਪਨਾਹ
ਮਿੱਠੀ ਜੇਹੀ ਝਿੜਕ
ਗਡੀਰਾ ਵੀ ਤੇ ਘਨ੍ਹੇੜੀ ਵੀ
ਲੋਰੀ ਪੋਤੜਾ ਚੋਗ ਤੇ ਝਿੜਕ ਵੀ
ਖਿਡੌਣਾ ਸੁਪਨਾ ਰਾਗ ਤੋਤਲੇ ਬੋਲ ਵੀ
ਉਸਦੀ ਬੁੱਕਲ 'ਚ ਕੁਦਰਤ ਪੈਰਾਂ 'ਚ ਸਵਰਗ
ਇਸ ਦਰਬਾਰ 'ਚ ਤਾਜਾਂ ਤਖਤਾਂ ਵਾਲੇ ਵੀ ਸਿਰ ਝੁਕਾਉਣ
ਹਕੂਮਤਾਂ ਨਿਵ ਜਾਣ ਬਾਦਸ਼ਾਹੀਆਂ ਸਲਾਮ ਕਰਨ
ਅੰਬਰਾਂ ਵਰਗੀ ਚਾਹਤ
ਜ਼ਿੰਦਗੀ ਦਾ ਸਭ ਤੋਂ ਸੁੱਚਾ ਸਰੋਕਾਰ
ਹਰਫ਼ਾਂ 'ਚ ਨਾ ਸਮਾ ਸਕਣ ਵਾਲੀ ਇਬਾਦਤ
ਸਾਰੀ ਰਾਤ ਤੁਰਦੀ ਫਿਰਦੀ ਜੰਨਤ
ਮੱਕੀ ਦੇ ਟੁੱਕ ਵਰਗੀ ਲਜ਼ਤ
ਜਿਸਦੀ ਹਿੱਕ ਵਿਚ ਦਰਦ ਸਿੰਮੇ
ਸੁੱਤੇ ਲਾਡਲੇ ਦੇ ਨੈਣੀਂ ਤਰਦੇ ਸੁਪਨਿਆਂ ਦੀ ਲਾਲੀ
ਨਿੰਦਰਾਈਆਂ ਰਾਤਾਂ 'ਚ ਸੁਖਨ ਦਾ ਜਾਗ ਲਾਉਂਦੀ
ਬੱਚਿਆਂ ਦੇ ਸਿਰਹਾਣੇ ਬੈਠਾ ਰੱਬ