ਮਾਂ ਲਈ ਸੱਤ ਕਵਿਤਾਵਾਂ-1

ਬੜੀ ਭਿਆਨਕ ਰਾਤ ਸੀ

ਗੁਲੂਕੋਜ਼ ਦੀ ਬੋਤਲ ’ਚੋਂ

ਬੂੰਦ ਬੂੰਦ ਟਪਕ ਰਹੀ ਸੀ ਮੌਤ

ਕਮਰੇ ’ਚ ਮਾਂ ਨੂੰ ਕਿਸੇ ਮਗਰਮੱਛ ਵਾਂਗ

ਸਾਹੋ ਸਾਹ ਨਿਗਲ ਰਹੀ ਸੀ

 

ਬਚਪਨ ਮਗਰੋਂ

ਮੈਂ ਮਾਂ ਨੂੰ ਪਹਿਲੀ ਵਾਰ ਏਨਾ ਸਮਾਂ

ਏਨੀ ਨੜਿਓਂ ਤੱਕ ਰਿਹਾ ਸਾਂ

ਉਸਦਾ ਦਾ ਭਰਿਆ ਸਰੀਰ

ਘਰ ਨੂੰ ਬੰਨ੍ਹਦਾ

ਕਿੰਨਾ ਜਰਜਰ ਹੋ ਗਿਆ ਸੀ

 

ਬਾਹਰ ਝੱਖੜ ਸੀ

ਤੂਫ਼ਾਨ ਸ਼ੂਕਦਾ

ਤੜਫ਼ ਤੜਫ਼ ਕੇ ਚਮਕਦੀ ਬਿਜਲੀ

ਟੁੱਟ ਕੇ ਡਿੱਗਦੇ ਦਰਖਤ

ਖੜਕਦੇ ਸਾਈਨ ਬੋਰਡ

 

ਐਮਰਜੈਂਸੀ ਰੂਮ ਅੰਦਰ

ਚਿੱਟੀ ਚਾਦਰ ’ਤੇ ਪਈ ਅਹਿੱਲ

ਮਾਂ ਮੌਤ ਨਾਲ ਲੜ ਰਹੀ ਸੀ

ਤੇ ਅਸੀਂ ਤਿੰਨ ਭੈਣ ਭਰਾ

ਆਪਣੀ ਬੇਵਸੀ ਨਾਲ

 

ਆਖ਼ਿਰ ਜਿਸਮ ਦਾ ਪਿੰਜਰਾ ਤੋੜ

ਉਡਾਰੀ ਮਾਰ ਗਿਆ

ਉਸਦੇ ਸਾਹਾਂ ਦਾ ਪਰਿੰਦਾ

 

ਉਹ ਪਰਿੰਦਾ

ਹੁਣ ਅਕਸਰ

ਮੇਰੇ ਦਿਲ ’ਚ ਛਟਪਟਾਉਂਦਾ ਹੈ।

📝 ਸੋਧ ਲਈ ਭੇਜੋ