ਮੈਂ ਆਪਣੇ ਸਾਹਵੇਂ
ਮਾਂ ਨੂੰ ਸਾਹ ਸਾਹ ਮਰਦਿਆਂ ਤੱਕਿਆ
ਸਾਡੀ ਬੇਵਸੀ ਸਾਹਵੇਂ
ਤਲੀਆਂ ’ਚੋਂ ਬੂੰਦ ਬੂੰਦ ਬਣ ਕੇ
ਕਿਰ ਗਈ ਉਹ
ਘੜੀ ਦੀ ਟਿਕ ਟਿਕ ਸਾਡੇ ਸਿਰ ’ਚ
ਕਿਸੇ ਭਾਰੇ ਹਥੌੜੇ ਵਾਂਗ
ਵੱਜਦੀ ਰਹੀ ਰਾਤ ਭਰ
ਆਪਣੇ ਮੋਢਿਆਂ ਤੇ ਚੁੱਕ ਕੇ ਲੈ ਗਏ
ਮਾਂ ਦੀ ਅਰਥੀ ਨੂੰ ਅਸੀਂ
ਆਪਣੇ ਹੱਥਾਂ ਨਾਲ ਅਗਨ ਦਿੱਤੀ
ਉਸ ਦੇ ਸਰੀਰ ਨੂੰ ਪੰਜਾਂ ਤੱਤਾਂ ਵਿੱਚ
ਰਲਦਿਆਂ ਵੇਖਿਆ
ਸਾਡੇ ਸਾਹਵੇਂ ਜਿਸਮ ਤੋਂ
ਰਾਖ ਬਣ ਗਈ ਉਹ
ਖਾਲੀ ਹੱਥ ਮੁੜ ਆਏ ਅਸੀਂ
ਮਾਂ ਨੂੰ ਲਟ ਲਟ ਬਲਦੀ
ਅਗਨ ’ਚ ਛੱਡ ਕੇ
ਪਰ ਫਿਰ ਵੀ
ਮਾਂ ਦੀਆਂ ਆਵਾਜ਼ਾਂ
ਕਦੇ ਰਸੋਈ ’ਚੋਂ
ਕਦੇ ਕਮਰੇ ’ਚੋਂ
ਕਦੇ ਵਿਹੜੇ ’ਚੋਂ
ਸੁਣਦੀਆਂ ਹਨ
ਹੁਣੇ ਉਹ ਇੱਥੇ ਖੜ੍ਹੀ ਮਹਿਸੂਸ ਹੁੰਦੀ
ਹੁਣੇ ਉਥੇ
ਮਾਂ ਚਲੀ ਗਈ
ਰਾਖ ਹੋ ਗਿਆ ਜਿਸਮ ਉਸਦਾ
ਪੰਜਾਂ ਤੱਤਾਂ ’ਚ ਰਲ ਗਿਆ
ਪਰ ਕੁਝ ਹੈ
ਜਿਹੜਾ ਅਜੇ ਵੀ ਇਸ ਘਰ ’ਚ ਹੈ
ਜਿਹੜਾ ਅਜੇ ਵੀ ਮਹਿਸੂਸ ਹੁੰਦਾ ਹੈ।