ਮਾਂ ਲਈ ਸੱਤ ਕਵਿਤਾਵਾਂ-3

ਮੈਂ ਆਪਣੇ ਕਾਫ਼ਰ ਹੱਥਾਂ ਨਾਲ

ਮਾਂ ਨੂੰ ਅਗਨ ਦੇ ਦਿੱਤੀ

 

ਮੇਰੇ ਜਨਮ ਤੋਂ ਪਹਿਲਾਂ

ਮਾਂ ਨੇ ਜਿਸ ਪੇਟ ’ਚ

ਮੈਨੂੰ ਸਾਂਭ ਸਾਂਭ ਰੱਖਿਆ

ਦੁਨੀਆਂ ਦੀ ਹਰ ਬਲਾ ਤੋਂ ਬਚਾ ਕੇ

ਮੈਂ ਆਪਣੇ ਕਾਫ਼ਰ ਹੱਥਾਂ ਨਾਲ

ਉਸ ਪੇਟ ਨੂੰ ਅਗਨ ਦੇ ਦਿੱਤੀ

 

ਜਿਹਨਾਂ ਬਾਹਵਾਂ ਤੇ ਚੁੱਕ ਚੁੱਕ ਕੇ

ਮਾਂ ਮੈਨੂੰ ਖਿਡਾਉਂਦੀ ਰਹੀ

ਲਾਡ ਲਡਾਉਂਦੀ ਰਹੀ

ਮੈਂ ਆਪਣੇ ਕਾਫ਼ਰ ਹੱਥਾਂ ਨਾਲ

ਉਹਨਾਂ ਬਾਹਵਾਂ ਨੂੰ ਅਗਨ ਦੇ ਦਿੱਤੀ

 

ਜਿਨ੍ਹਾਂ ਅੰਮ੍ਰਿਤ ਸਰੋਤਾਂ ਤੋਂ

ਉਸ ਨੇ ਦੁੱਧ ਪਿਆ ਪਿਆ

ਮੈਨੂੰ ਜੁਆਨ ਕੀਤਾ

ਮੈਂ ਆਪਣੇ ਕਾਫ਼ਰ ਹੱਥਾਂ ਨਾਲ

ਉਹਨਾਂ ਦੁੱਧ ਦਿਆਂ ਚਸ਼ਮਿਆਂ ਨੂੰ

ਅਗਨ ਦੇ ਦਿੱਤੀ

 

ਮਾਂ

ਜਿਸ ਨੂੰ ਲੋਕ ਠੰਡੜੀ ਛਾਂ ਆਖਦੇ

ਮੈਂ ਆਪਣੇ ਕਾਫ਼ਰ ਹੱਥਾਂ ਨਾਲ

ਉਸ ਠੰਡੜੀ ਛਾਂ ਨੂੰ ਅਗਨ ਦੇ ਦਿੱਤੀ

 

ਮੈਂ ਮਾਂ ਨੂੰ ਅਗਨ ਦੇ ਦਿੱਤੀ।

📝 ਸੋਧ ਲਈ ਭੇਜੋ