ਘਰ ਨੂੰ ਕਦੇ ਨਾ ਛੱਡਣ ਵਾਲੀ ਮਾਂ
ਉਨ੍ਹਾ ਲੰਮੇ ਪੈਂਡਿਆਂ ’ਤੇ ਨਿਕਲ ਗਈ
ਜਿਥੋਂ ਕਦੇ ਕੋਈ ਪਰਤ ਕੇ ਨਹੀਂ ਆਉਂਦਾ
ਉਸ ਦੇ ਜਾਣ ਤੋਂ ਬਿਨਾਂ
ਸਭ ਕੁਝ ਉਸੇ ਤਰ੍ਹਾਂ ਹੈ
ਸ਼ਹਿਰ ’ਚ ਉਸੇ ਤਰ੍ਹਾਂ
ਭੱਜੇ ਜਾ ਰਹੇ ਨੇ ਲੋਕ
ਕੰਮਾਂ ਕਾਰਾਂ ’ਚ ਉਲਝੇ
ਚੱਲਦੇ ਕਾਰਖਾਨੇ ਮਸ਼ੀਨਾਂ ਦੀ ਖੜਖੜ
ਕਾਲੀਆਂ ਸੜਕਾਂ ਤੇ ਬੇਚੈਨ ਭੀੜ
ਉਸੇ ਤਰ੍ਹਾਂ ਹੈ
ਉਸੇ ਤਰ੍ਹਾਂ ਉਤਰੀ ਹੈ ਸ਼ਹਿਰ ਤੇ ਸ਼ਾਮ
ਢਲ ਗਈ ਹੈ ਰਾਤ
ਜਗਮਗਾ ਰਿਹਾ ਹੈ ਸ਼ਹਿਰ ਸਾਰਾ
ਰੌਸ਼ਨੀਆਂ ਨਾਲ
ਸਿਰਫ਼ ਇੱਕ ਮਾਂ ਦੇ ਨਾਂ ਦਾ
ਚਿਰਾਗ਼ ਹੈ ਬੁਝਿਆ।