ਹੁਣ ਕਿੱਥੇ ਹੋਵੇਗੀ ਮਾਂ
ਕਿੱਥੇ ਹੈ ਬਸੇਰਾ ਉਸਦਾ
ਖ਼ਿਲਾਅ ’ਚ ਕੋਈ
ਪਰਿੰਦਾ ਬਣ ਕੇ ਉੱਡਦੀ
ਤਾਰਿਆਂ ’ਚ ਕੋਈ
ਤਾਰਾ ਬਣ ਕੇ ਚਮਕਦੀ
ਚੰਦਰਮਾ ਦੇ ਕੋਲ ਕਿਧਰੇ
ਕਿਥੇ ਰਹਿੰਦੀ ਹੋਵੇਗੀ ਉਹ
ਮੁੱਠੀ ਕੁ ਅਸਥੀਆਂ ਉਸਦੀਆਂ
ਪ੍ਰਵਾਹ ਦਿੱਤੀਆਂ
ਵਹਿੰਦੇ ਜਲ ’ਚ
ਪਤਾ ਨਹੀਂ ਕਿਨ੍ਹਾਂ ਸਮੁੰਦਰਾਂ ’ਚ
ਹੋਵੇਗਾ ਵਾਸ ਉਸਦਾ
ਕਿਵੇਂ ਉਹ ਉਸ ਘਰ ਨੂੰ
ਇੱਕਦਮ ਵਿਸਾਰ ਕੇ ਤੁਰ ਗਈ
ਜਿਸ ਨੂੰ ਉਸਨੇ
ਤਿਣਕਾ ਤਿਣਕਾ ਕਰਕੇ ਜੋੜਿਆ
ਨਿੱਕੀ ਨਿੱਕੀ ਮਿਹਨਤ ਮਜਦੂਰੀ ਕਰਦਿਆਂ
ਘਰ ਦੀਆਂ ਛੋਟੀਆਂ ਛੋਟੀਆਂ
ਜ਼ਰੂਰਤਾਂ ਨੂੰ ਪੂਰਿਆ
ਨਿੱਕੇ ਨਿੱਕੇ ਬੱਚਿਆਂ ਨੂੰ
ਉਡਾਰ ਕੀਤਾ
ਕਿਵੇਂ ਉਹ ਉਸ ਘਰ ਨੂੰ
ਇਕਦਮ ਵਿਸਾਰ ਕੇ ਤੁਰ ਗਈ
ਸਾਰੀ ਉਮਰ
ਘੁੰਮਦੀ ਰਹੀ ਉਹ ਧਰਤ ਵਾਂਗ
ਤਪਦੀ ਰਹੀ ਉਹ ਸੂਰਜ ਵਾਂਗ
ਪਾਣੀਆਂ ’ਚ ਰਲ ਕੇ
ਇਕਦਮ ਸ਼ਾਂਤ ਹੋ ਗਈ
ਮੌਨ ਹੋ ਗਈ
ਪਤਾ ਨਹੀਂ ਹੁਣ ਕਿੱਥੇ ਹੋਵੇਗੀ..... ??