ਸੁਪਨਿਆਂ ਨਾਲ ਹੀ
ਤਾਂ ਅੱਖਾਂ ਸਜਾਈ ਦੀਆਂ
ਸੁਰਮੇ ਨਾਲ ਕਦ ਪਲਕਾਂ ਸਜਦੀਆਂ ਨੇ
ਅੰਬਰੀਂ ਚੰਨ ਸਿਤਾਰੇ ਨਾ ਹੁੰਦੇ
ਤਾਂ ਕਿਸੇ ਨੇ
ਉਪਰ ਵੀ ਨਹੀਂ ਸੀ ਝਾਕਣਾ
ਭੁੱਖ ਜੇ ਹੋਵੇ
ਤਾਂ ਚੰਨ ਦੀਆਂ
ਸੱਜਰੀਆਂ ਗਰਾਹੀਆਂ ਨਾਲ ਬੁਝੇ
ਘਰਾਂ ਵਿੱਚ ਜੇ
ਹਨੇਰ ਪੈਂਦੇ ਹਨ ਤਾਂ
ਮਾਂਵਾਂ ਦੇ ਸਦੀਵੀ ਵਿਗੋਚੇ ਪਾਉਂਦੇ ਨੇ
ਦੁਨੀਆਂ ਵਿੱਚ
ਉਸ ਘਰ ਨੂੰ
ਅਜੇ ਤੱਕ ਕੋਈ ਸੂਰਜ ਵੀ ਨਹੀਂ ਰੁਸ਼ਨਾ ਸਕਿਆ
ਜਿਥੋਂ ਇਹ ਦੀਪਕ ਬੁਝਿਆ ਹੈ
ਪੂਰੇ ਆਲਮ ਵਿਚ
ਇਕ ਹੀ ਰੱਬ ਬਣਿਆ
ਜਿਸ ਦੀਆਂ ਝਿੜਕਾਂ ਮਾਰਾਂ ਨੂੰ
ਸਾਰੀ ਲੋਕਾਈ ਤਰਸਦੀ ਹੈ
ਦੁਨੀਆਂ ਦਾ
ਕੋਈ ਵੀ ਬਾਗ਼ ਹਰਾ ਨਹੀਂ ਹੋ ਸਕਿਆ
ਜਿਸ ਦਿਨ ਇਹ ਮਾਲਣ ਟੁਰ ਜਾਂਦੀ ਹੈ
ਸੁਫ਼ਨੇ ਮਰ ਜਾਣ
ਬਾਤਾਂ ਮੁੱਕ ਜਾਣ ਜਹਾਨ ਦੀਆਂ
ਰਾਤਾਂ ਚੋਂ
ਮਹਿਲ ਮਾੜੀਆਂ ਵਿਚ
ਹੀਰੇ ਮੋਤੀ ਸਜੇ ਵੀ
ਸਾਹਾਂ ਨੂੰ ਨਿੱਘ ਨਾ ਦੇਣ
ਅੰਬਰ ਨੀਵੇਂ ਕਰਨ ਜੋਗੇ
ਵੀ ਹੱਥ ਨਾ ਰਹਿੰਦੇ
ਸੂਰਜ ਰੁੱਸੇ
ਮੂੰਹ ਨਾ ਕਰਨ ਸੁੰਨੇ ਦਰਾਂ ਵੱਲ
ਗੀਤ ਲੋਰੀਆਂ ਉੱਡ ਜਾਂਦੀਆਂ ਨੇ
ਸਰ੍ਹਾਣਿਆਂ ਹੇਠੋਂ
ਨੀਂਦਾਂ ਨਹੀਂ ਪਰਤਦੀਆਂ ਪੁੱਤਾਂ ਨੂੰ ਸਵਾਉਣ ਲਈ ਰਾਤਾਂ ਵਿੱਚ
ਮੱਥਿਆਂ ਤੇ ਉੱਕਰੀਆਂ
ਸਾਰੀਆਂ ਲਕੀਰਾਂ ਮਿਟ ਜਾਂਦੀਆਂ ਹਨ
ਲੇਖਾਂ ਦੇ ਚੰਨ ਸੂਰਜ ਡੁੱਬ ਜਾਂਦੇ ਹਨ ਸਾਰੇ
ਕਿਸੇ ਦੀ ਵੀ ਭੁੱਖ ਨਹੀਂ ਮਿਟਦੀ
ਜੋ ਉਸ ਅਰਸ਼ ਦੇ ਹੱਥੋਂ ਤਾਰੇ ਘੁਲੇ ਦੁੱਧ ਪੀਣ ਨਾਲ ਬੁਝਦੀ ਸੀ
ਪੁੱਤਾਂ ਦੀ ਗੂੜ੍ਹੀ ਨੀਂਦ ਲਈ
ਉਹ ਧਰਤ ਦੀ ਰੰਗੀਲੀ ਚਾਦਰ ਬਣ ਵਿਛਦੀ
ਚੰਦ ਸਿਤਾਰੇ ਖੇਡਣ ਆਉਂਦੇ
ਉਸ ਵਿਹੜੇ ਵਿੱਚ
ਜਦੋਂ ਉਹ ਸੰਸਾਰ ਸੀ ਵਸਦਾ