ਮਾੜੀ ਹੁੰਦੀ ਪੀਤੀ 'ਚ ਦਲੇਰੀ ਬੱਲਿਆ!

ਮਾੜੀ ਹੁੰਦੀ ਪੀਤੀ 'ਚ ਦਲੇਰੀ ਬੱਲਿਆ!

ਛੇੜੀਏ ਨਾਂ ਨਾਗ ਕਦੇ ਜਹਿਰੀ ਬੱਲਿਆ!

ਪੈ ਜਾਣ ਗੇਮਾਂ ਉਦੋਂ ਝੱਟ ਪੁੱਠੀਆਂ

ਚੜੇ ਜਦੋਂ ਕਾਲ ਦੀ ਹਨੇਰੀ ਬੱਲਿਆ!

ਆਖਦੇ ਸਿਆਣੇ ਨਈਉਂ ਥੁੱਕ ਚੱਟੀਦੇ!

ਹਰ ਵੇਲੇ ਮੂਰਖਾ ਨਈ ਉਲਾਬੇ ਖੱਟੀਦੇ!

ਵੱਜਦੇ ਸਲੂਟ ਹਾਂ ਜ਼ਮੀਰ ਸੱਚੀ ਨੂੰ

ਝੂਠ ਦੀਆਂ ਨੀਹਾਂ ਤੇ ਨਈ ਦਿਨ ਕੱਟੀਦੇ!

ਚੋਰੀ ਨਾਲੋ ਕਿਤੇ ਚੰਗਾ ਹੱਥ ਅੱਡਣਾ!

ਮਾਂ ਬਾਪ ਚਾਹੀਦਾ ਨੀਂ ਘਰੋਂ ਕੱਡਣਾ!

ਜੀਹਦੀ ਛਾਂਵੇ ਬੈਠ ਹੋਵੇ ਨੰਦ ਮਾਣਿਆ 

ਉਹ ਰੁੱਖ ਚਾਹੀਦਾ ਨਈ ਜੜ੍ਹੋਂ ਵੱਢਣਾ!

ਪਿਓ ਦੇ ਸਮਾਨ ਵੱਡਾ ਭਾਈ ਮੰਨੀਏ!

ਰਾਜ਼ਾ ਰਾਣੀ ਧੀਂ ਤੇ ਜਵਾਈ ਮੰਨੀਏ! 

ਮਾਂ ਹੁੰਦੀ ਮਾਂ ਕੋਈ ਨਈ ਅੱਤ ਕਥਨੀਂ

ਮਾਂਵਾਂ ਦੇ ਸਮਾਨ ਚਾਚੀ ਤਾਈ ਮੰਨੀਏ!

ਫਰੀਦਸਰਾਈਆ ਪੱਲੇ ਬੰਨ੍ਹੀ ਗੱਲ ਨੂੰ!

ਦਾਂਗ ਨਾਂ ਲਵਾਈਏ ਦਾਦਿਆਂ ਦੀ ਅੱਲ ਨੂੰ!

ਜਿੱਥੇ ਸਾਂਝ ਹੋਵੇ ਬੁਰਕੀ ਦੀ ਸੱਤਿਆ

ਝਾਕੀਏ ਨਾਂ ਚੋਤਰੇ ਰਸੋਈ ਵੱਲ ਨੂੰ!

ਪਿੰਡ ਵਿੱਚ ਕਦੇ ਇਸ਼ਕ ਲੜਾਈਏ ਨਾਂ!

ਆਂਢ ਤੇ ਗੁਆਂਢ ਵਿੱਚ ਵੈਰ ਪਾਈਏ ਨਾਂ!

ਹਿੱਕ ਟਣਕਾ ਕੇ ਸੱਚ ਨਾਲ ਖੜੀਏ

ਝੂਠੇ ਦੀ ਮਕਾਣੇ ਮਿੱਤਰਾ ਉਏ ਜਾਈਏ ਨਾਂ!

ਯਾਰਾਂ ਨੂੰ ਕਦੇ ਨੀ ਨਾਰਾਂ ਨਾਲ ਤੋਲੀਦਾ!

ਘਰ ਦਾ ਨੀ ਭੇਦ ਢਾਣੀਆਂ 'ਚ ਖੋਲੀਦਾ!

ਆਖਦੇ ਸਿਆਣੇ ਕਦੇ ਬੁੱਢੇ ਬਾਪ ਨੂੰ

ਚਾਹ ਕੇ ਵੀ ਮੰਦਾ ਬੋਲ ਨਈਉਂ ਬੋਲੀਦਾ!

ਅੱਤ ਦਾ ਹੈ ਅੰਤ ਧੁਰੋਂ ਮਾੜਾ ਲਿਖਿਆ! 

ਪੁੰਨ ਪਾਪ ਉਹਨੇ ਕਰ ਗਾੜਾ ਲਿਖਿਆ!

ਕੀਹਦਾ ਟੁੱਕ ਖੋਹਿਆ ਕੀਹਦਾ ਹੱਕ ਮਾਰਿਆ 

ਕੀਹਦਾ-ਕੀਹਦਾ ਖਾਦਾ ਉਹਨੇ ਭਾੜਾ ਲਿਖਿਆ! 

ਘਰ ਆਇਆ ਮੰਗਤਾ ਕਦੇ ਨੀਂ ਮੋੜੀਦਾ!

ਵੇਖਕੇ ਗਰੀਬੀ ਨਈਓ ਨਾਤਾ ਤੋੜੀਦਾ!

ਚਿੱਟਾ ਚੰਮ ਵੇਖਕੇ ਕਦੇ ਵੀ ਸੱਤਿਆ

ਆਖਦੇ ਸਿਆਣੇ ਨਈਓ ਪਿੱਛੇ ਦੌੜੀਦਾ!

ਬਜੁਰਗਾਂ ਦੀ ਗੱਲ ਨਾਂ ਗੁੱਸਾ ਕਰੀਏ!

ਝੂਠ ਦੇ ਪਲੰਦੇ ਦੀ ਨਾਂ ਹਾਮੀ ਭਰੀਏ!

ਰੱਖੀਏ ਜਮੀਰ  ਨੂੰ ਅਮੀਰ ਬੱਲਿਆ

ਸੱਚ ਦੇ ਕਟਹਿਰੇ ਤੋਂ ਨਾਂ ਕਦੇ ਡਰੀਏ!

📝 ਸੋਧ ਲਈ ਭੇਜੋ