ਘਰ ਜਾਵਾਂਗਾ
ਤਾਂ ਅੱਖਾਂ ਮਾਂ ਨੂੰ ਭਾਲਣਗੀਆਂ
ਪਰ ਕਿਤੇ ਨਹੀਂ ਹੋਵੇਗੀ ਮਾਂ
ਕੋਈ ਨਹੀਂ ਪਲੋਸੇਗਾ ਸਿਰ
ਮੱਥਾ ਟੇਕਣ ਤੋਂ ਬਾਅਦ
ਕੋਈ ਨਹੀਂ ਕਰੇਗਾ
ਹੁਣ ਨਿੱਕੇ ਨਿੱਕੇ
ਦੁੱਖਾਂ ਸੁੱਖਾਂ ਦੀਆਂ ਗੱਲਾਂ
ਛੋਟੇ ਛੋਟੇ ਗਿਲੇ ਸ਼ਿਕਵੇ ਉਲਾਂਭੇ
ਰਿਸ਼ਤਿਆਂ ਦੇ ਆਉਣ ਜਾਣ ਦੀਆਂ
ਨਿੱਕੀਆਂ ਨਿੱਕੀਆਂ ਅਰਥਹੀਣ ਬਾਤਾਂ
ਕੋਈ ਨਹੀਂ ਸੁਣਾਵੇਗਾ
ਤੁਰਨ ਵੇਲੇ
ਕੋਈ ਨਹੀਂ ਦੇਵੇਗਾ ਨਸੀਹਤਾਂ
ਮੱਥਾ ਟੇਕਣ ਮਗਰੋਂ
ਸਿਰ ਪਲੋਸਦਿਆਂ
ਕੋਈ ਨਹੀਂ ਕਹੇਗਾ-
ਨ੍ਹੇਰਾ ਹੋਣ ਤੋਂ ਪਹਿਲਾਂ
ਘਰ ਚਲਾ ਜਾਈਂ
ਤੇ ਪਹੁੰਚ ਕੇ
ਫੋਨ ਕਰ ਦੇਵੀਂ
ਕੋਈ ਨਹੀਂ ਕਹੇਗਾ ਹੁਣ।