ਜਦੋਂ ਦੀ ਤੂੰ ਗਈ ਹੈਂ ਮਾਂ !
ਘਰ ਘਾਹ ਦੇ ਤਿਣਕਿਆਂ ਵਾਂਗੂੰ
ਬਿਖਰ ਗਿਆ ਹੈ
ਤੂੰ ਬਿਰਖ ਸੀ ਇੱਕ
ਸੰਘਣੀ ਛਾਂ ਨਾਲ ਭਰਿਆ
ਘਰ ਦੇ ਵਿਹੜੇ ’ਚ ਖੜ੍ਹਾ
ਜਿਸਦੇ ਥੱਲੇ ਬੈਠ
ਸਭ ਆਰਾਮ ਕਰਦੇ
ਹੱਸਦੇ ਖੇਡਦੇ
ਗੱਲਾਂ ਕਰਦੇ
ਇੱਕ ਦੂਜੇ ਦੇ ਦੁੱਖ ਸੁੱਖ ਵਿੱਚ
ਭਾਈਵਾਲ ਬਣਦੇ
ਜਦੋਂ ਦੀ ਤੂੰ ਚਲੀ ਗਈ ਮਾਂ !
ਉਹ ਬਿਰਖ
ਜੜ੍ਹ ਤੋਂ ਉੱਖੜ ਕੇ ਡਿੱਗ ਪਿਆ ਹੈ
ਤੇਰੇ ਜਾਣ ਮਗਰੋਂ ਉਂਝ
ਸਭ ਕੁਝ ਉਵੇਂ ਦਾ ਉਵੇਂ ਹੈ
ਘਰ ਦੀਆਂ ਛੱਤਾਂ
ਘਰ ਦੀਆਂ ਕੰਧਾਂ
ਪਰ ਬਦਲ ਗਏ ਨੇ
ਛੱਤਾਂ ਥੱਲੇ ਰਹਿਣ ਵਾਲੇ ਲੋਕ
ਘਰ ਦਾ ਵਿਹੜਾ ਓਹੀ ਹੈ
ਪਰ ਘਰ ਦੇ ਵਿਹੜੇ ’ਚ ਖੜ੍ਹਾ
ਉਹ ਸੰਘਣੀ ਛਾਂ ਵਾਲਾ ਬਿਰਖ
ਡਿੱਗ ਪਿਆ ਹੈ
ਡਿੱਗ ਪਿਆ ਹੈ ਉਹ ਬਿਰਖ
ਜਿਸ ਦੇ ਥੱਲੇ ਬੈਠ ਕੇ
ਸਾਰੇ ਇੱਕ ਦੂਜੇ ਨਾਲ
ਗੱਲਾਂ ਕਰਦੇ ਸਨ
ਇੱਕ ਦੂਜੇ ਦਾ
ਦੁੱਖ ਸੁੱਖ ਸੁਣਦੇ ਸਨ
ਹੁਣ ਉਹ ਬਿਰਖ ਨਹੀਂ ਰਿਹਾ
ਜਦੋਂ ਦੀ ਤੂੰ ਚਲੀ ਗਈ
ਮਾਂ !