ਮਾਂ ਮਹਿਟਰਾਂ ਜਿਹੇ ਲਫ਼ਜ਼ ਉਲੀਕੇ

ਮਾਂ ਮਹਿਟਰਾਂ ਜਿਹੇ ਲਫ਼ਜ਼ ਉਲੀਕੇ ਸਹਿਕਦੇ ਰਹੇ ਇਜ਼ਹਾਰ ਲਈ

ਰੋਂਦਿਆਂ-ਧੋਂਦਿਆਂ ਅਸਾਂ ਵੀ ਏਥੇ, ਅੱਧੀ ਸਦੀ ਗੁਜ਼ਾਰ ਲਈ

ਦੀਨ ਤੇ ਦੁਨੀਆਂ ਵਿਚ ਤਵਾਜ਼ਨ, ਰੱਖਣਾ ਸਾਨੂੰ ਆਇਆ ਨਾ,

ਕੁੱਝ ਵੀ ਜੋੜਾ ਜੋੜ ਨਾ ਸਕੇ, ਆਰ ਲਈ ਨਾ ਪਾਰ ਲਈ

ਸਾਡੇ ਤੇ ਇਲਜ਼ਾਮ-ਤਰਾਸ਼ੀ, ਕਰਨ ਦੀ ਖੁੱਲ੍ਹੀ ਛੂਟ ਰਹੀ,

ਸਾਡਾ ਕੋਈ ਮਜ਼ਮੂਨ ਵੀ ਛਪਣਾ, ਜ਼ੁਲਮ ਰਿਹਾ ਅਖ਼ਬਾਰ ਲਈ

ਘਰ ਆਏ ਮਹਿਮਾਨ ਦੀ ਰੱਜਕੇ, ਸੇਵਾ ਕਰਨੀ ਔਖੀ ਏ,

ਦਰਵਾਜ਼ੇ ਤੋਂ ਆਪਣੇ ਨਾਂ ਦੀ, ਤਖ਼ਤੀ ਆਪ ਉਤਾਰ ਲਈ

ਪੱਗ ਚੁਰਾਵਣ ਵਾਲੇ ਖ਼ਵਰੇ, ਇਹ ਵੀ ਸੋਚਿਆ ਹੋਵੇਗਾ,

ਸਿਰ ਵੀ ਅੱਤ ਜ਼ਰੂਰੀ ਹੁੰਦਾ 'ਕੁਦਸੀ' ਦਸਤਾਰ ਲਈ

📝 ਸੋਧ ਲਈ ਭੇਜੋ