ਦਿਲ ਦਾ ਮਾਨ ਸਰੋਵਰ ਭਰਿਆ

ਤੇਰੀਆਂ ਯਾਦਾਂ ਈਕਣ ਆਈਆਂ

ਜਿਉਂ ਹੰਸਾਂ ਦੀ ਡਾਰ ਵੇ

ਰਾਹਵਾਂ ਨੇ ਅਜ ਕੇਸਰ ਧੂੜੇ

ਪਾਣੀ ਪੀਣ ਛੰਭ ਦੇ ਕੰਢੇ

ਲੱਥੀ ਜਿਵੇਂ ਬਹਾਰ ਵੇ

ਕਿਰਣਾਂ ਜਿਉਂ ਮੌਲੀ ਦੀਆਂ ਲੜੀਆਂ

ਮੇਢੀ ਦੇ ਵਿਚ ਗੁੰਦਣ ਲੱਗੀ

ਰਾਤ ਹੋਈ ਮੁਟਿਆਰ ਵੇ

ਸੱਤ ਸਰਘੀਆਂ ਮਹਿੰਦੀ ਘੋਲਣ

ਧਰਤੀ ਦੇ ਇਸ ਸਾਲੂ ਦਾ

ਪਰ ਲਹਿੰਦਾ ਜਾਏ ਲੰਗਾਰ ਵੇ

ਭੋਲਾ ਇਸ਼ਕ ਧੂੜਦਾ ਜਾਦੂ

ਰੇਤ ਥਲਾਂ ਵਿਚ ਚੰਬਾ ਖਿੜਿਆ

ਚੁਣ ਚੁਣ ਗਈਆਂ ਹਾਰ ਵੇ

ਅੱਜ ਉਡੀਕਾਂ ਜ਼ਖ਼ਮੀ ਹੋਈਆਂ

ਨਾ ਕੋਈ ਤੇਰੀ ਵਾਜ ਸੁਣੀਂਦੀ

ਨਾ ਕੋਈ ਪਵੇ ਨੁਹਾਰ ਵੇ

ਦਿਲ ਦਾ ਮਾਨ ਸਰੋਵਰ ਭਰਿਆ

ਅੱਖੀਓੁਂ ਸੁੱਚੇ ਮੋਤੀ ਚੁਗਦੀ

ਇਹ ਹੰਸਾਂ ਦੀ ਡਾਰ ਵੇ

ਦਿਲ ਦਾ ਮਾਨ ਸਰੋਵਰ ਭਰਿਆ...

📝 ਸੋਧ ਲਈ ਭੇਜੋ