ਮਾਂ ਤੇਰੇ ਪਿਆਰ ਵਿੱਚ ਸੱਧਰਾਂ ਦੇ ਸੰਸਾਰ ਵਿੱਚ,
ਬੈਠਾ ਮੈਂ ਤਾਂ ਰਹਿੰਦਾ ਹਾਂ ਬੜਾ ਸੁੱਖ ਪਾਵਾਂ ਮਾਂ।
ਚੁੰਮ-ਚੱਟ ਪਿਆਰ ਨਾਲ ਕਲੇਜ਼ੇ ਦੀ ਠਾਰ ਨਾਲ,
ਮਿੱਠੀ ਤਕਰਾਰ ਨਾਲ ਬੜਾ ਸੁੱਖ ਪਾਵਾਂ ਮਾਂ।
ਸਦਕੜੇ ਤੂੰ ਜਾਵੇ ਮੈਥੋਂ ਦੁੱਖ ਤੂੰ ਲੁਕਾਵੇਂ ਮੈਥੋਂ,
ਤੇਰੇ ਅਹਿਸਾਸ ਨਾਲ ਬੜਾ ਸੁੱਖ ਪਾਵਾਂ ਮਾਂ।
ਲੁਕਾਵੇ ਤੂੰ ਬਲਾਵਾਂ ਤੋਂ ਤੱਤੀਆਂ ਹਵਾਵਾਂ ਤੋਂ,
ਤੇਰੀ ਠੰਡੀ ਛਾਂ ਦਾ ਬੜਾ ਸੁੱਖ ਪਾਵਾਂ ਮਾਂ।
ਮਿਰਚਾਂ ਤੂੰ ਵਾਰਦੀ ਏਂ ਕੱਪੜੇ ਸੁਆਰਦੀ ਏਂ,
ਕਾਲਾ ਟਿੱਕਾ ਦੇਖ ਤੇਰਾ ਬੜਾ ਸੁੱਖ ਪਾਵਾਂ ਮਾਂ।
ਛੋਟੀ ਮੋਟੀ ਗਲਤੀ ਮੇਰੀ ਪਿਆਰ ਨਾਲ ਸੁਆਰਦੀ ਏਂ,
ਡਾਂਟ ਫਿਟਕਾਰ ਨਾਲ ਤੇਰੀ ਬੜਾ ਸੁੱਖ ਪਾਵਾਂ ਮਾਂ।
ਇੱਕ ਵੀ ਖਰੋਚ ਮੇਰੇ ਸਾਹ ਤੇਰਾ ਰੋਕ ਦੇਵੇ,
ਓਹੜ-ਪੋਹੜ ਦੇਖ ਤੇਰਾ ਬੜਾ ਸੁੱਖ ਪਾਵਾਂ ਮਾਂ।
ਲੰਘ ਜਾਵੇ ਰਾਤ ਕਿਤੇ ਕੰਮਾਂ ਵਿੱਚ ਫਸੇ ਮੇਰੇ,
ਅੱਖਾਂ ਵਿੱਚ ਨੀਂਦ ਦੇਖ ਬੜਾ ਸੁੱਖ ਪਾਵਾਂ ਮਾਂ।
ਜ਼ਿੰਦਗੀ ਜਿਊਣ ਨੂੰ ਤੇਰੇ ਕੀਤੇ ਸ਼ਗਨਾਂ ਦਾ,
ਤੇਰੇ ਕੀਤੇ ਚਾਵਾਂ ਦਾ ਬੜਾ ਸੁੱਖ ਪਾਵਾਂ ਮੈਂ।
ਚੰਗਾ ਮਾੜਾ ਦੱਸੇ ਮੈਨੂੰ ਦੁੱਧ ਵਾਂਗ ਰੱਖੇ ਮੈਨੂੰ,
ਤੇਰੀਆਂ ਨਸੀਹਤਾਂ ਦਾ ਬੜਾ ਸੁੱਖ ਪਾਵਾਂ ਮਾਂ।
'ਸੁੱਖਾ' ਕਹੇ ਰੱਬੋਂ ਉੱਚੀ ਮੂਰਤ ਨੀ ਮਾਏਂ ਤੇਰੀ,
ਰੂਹ ਨੂੰ ਸਕੂਨ ਦੇਵੇਂ ਬੜਾ ਸੁੱਖ ਪਾਵਾਂ ਮਾਂ।