ਹਸਬੀ ਅੱਲਾਹ ! ਅੱਜ ਸੋਚਾਂ ਵਿਚਾਰੀਆਂ ਨੂੰ

‎ਗੁੰਝਲ਼ ਮੰਜ਼ਿਲਾਂ ਦੇ ਵੱਸ ਪਾਣ ਲੱਗਾ

‎ਗੁੰਝਲ਼ ਮੰਜ਼ਿਲਾਂ _ ਜਿਨ੍ਹਾਂ ਦੇ ਪੰਧ ਔਝੜ

‎ਪੰਧ _ ਇਲਮ , ਇਰਫ਼ਾਨ ਤੇ ਮਾਰਫ਼ਤ ਦੇ

‎ਇਲਮ _ ਜ਼ਾਤ ਦਾ

‎"ਜ਼ਾਤ" _ ਮਾਬੂਦ ਕੁੱਲ ਦੀ

‎ਜਿਹਦੀ ਸਿਫ਼ਤ ਕਨਜ਼ਨ ਮਖ਼ਫ਼ੇਆਤੁਨ

‎ਜਿਹਨੂੰ ਲੱਭਿਆਂ ਆਪ ਗਵਾਚ ਜਾਈਏ

‎ਜਿਹਨੂੰ ਤੱਕਿਆਂ _ ਤੱਕ ਨਾ ਸਕੀਏ ਵੀ

‎ਜਿਹਨੂੰ ਸੋਚਿਆਂ _ ਰਾਹੋਂ ਕੁਰਾਹ ਪਈਏ

‎ਪੰਧ ਇਲਮ, ਇਰਫ਼ਾਨ ਤੇ ਮਾਰਫ਼ਤ ਦੇ

‎ਜਿਥੇ ਅਕਲ ਦੇ ਬਰਕ ਰਫ਼ਤਾਰ ਪਖਨੋਂ

‎(ਜੇਹੜੇ ਪਲਕ ਵਿਚ ਫ਼ਲਕ ਨੂੰ ਚੀਰ ਜਾਵਣ)

‎ਹੱਫ਼ ਹੱਫ਼ ਅੱਧਰਾਹ ਰਹਿ ਜਾਵਣ

‎ਜਿਥੇ ਹੋਸ਼ ਦੇ ਰੂਹ-ਉਲ-ਅਮੀਨ ਦੇ ਪਰ

‎ਪੰਧ ਕੰਢਿਆਂ ਕੰਢਿਆਂ ਖੁੰਜ ਜਾਵਣ

‎ਅੰਤ ਘਾਟੀ ਘਾਟੀ ਇਹ ਮਾਰਫ਼ਤ ਦੀ

‎ਦਮ ਘੁਟਦੇ ਐਥੇ "ਵਿਚਾਰ" ਦੇ ਨੇਂ

‎ਅਸੀਂ ਕੀ ਆਂ _ ਤੌਬਾ, ਮਜਾਲ ਸਾਡੀ !!!

‎ਚੰਗੇ ਚੰਗੇ ਐਥੇ ਦਮ ਨਈਂ ਮਾਰਦੇ ਨੇਂ

‎ਤੰਗ ਜ਼ਮੀਨ ਸੋਚਾਂ ਵਿਚਾਰੀਆਂ ਦੀ

‎ਪਈ ਛਿੜਦੀ ਗੱਲ ਅਵੱਲ ਜਿਹੀ

‎ਗੱਲ ਗੱਲ ਨੇਂ ਲੱਖਾਂ ਵੱਲ ਪੈਂਦੇ

‎ਤੌਬਾ ਗੱਲ ਇਹ, ਕੋਈ ਆਮ ਗੱਲ ਜਿਹੀ

‎ਗੱਲ ਓੁਸ ਦੀ ਜਿਹਦਾ ਸ਼ਰੀਕ ਕੋਈ ਨਈਂ

‎ਗੱਲ ਉਸ ਦੀ ਜਿਸ ਤੋਂ ਵਧੀਕ ਕੋਈ ਨਈਂ

‎ਗੱਲ ਉਸ ਦੀ ਜਿਹਦੀ ਮਿਸਾਲ ਕੋਈ ਨਈਂ

‎ਗੱਲ ਉਸ ਦੀ ਹੁਸਨ ਕਮਾਲ ਪਾਰੋਂ

‎ਇਨ੍ਹਾਂ ਦੋਨ੍ਹਾਂ ਦੇ ਦੋਨ੍ਹਾਂ ਜਹਾਨਾਂ ਅੰਦਰ

‎ਕੋਈ ਦੂਸਰਾ ਜਿਹਦਾ ਭਿੰਜਾਲ ਕੋਈ ਨਈਂ

‎ਸ਼ਹਿ ਰਗ ਕੋਲੋਂ ਨੇੜੇ ਵਸਦਾ

‎ਰਗ ਰਗ ਦੀ ਰਗ ਨੂੰ ਜਾਣਦਾ

‎ਕੱਲੀ ਕੱਲੀ ਦੇ ਦਿਲ ਦਾ ਰਾਜ਼ ਬੁਝੇ

‎ਜ਼ਰੇ ਜ਼ਰੇ ਦਾ ਭੇਤ ਪਛਾਣਦਾ

‎ਉਦੋਂ ਅਜ਼ਲ ਤੋਂ ਹਿੱਕ ਵਾਜਬ ਜ਼ਾਤ ਬਿਨਾਂ

‎ਮੁਮਕਿਨਾਤ ਦਾ ਕੋਈ ਵਜੂਦ ਨਈਂ ਸੀ

‎ਆਪੋਂ ਆਪ ਸੀ ਆਪਣੀ ਖ਼ੁਦਾਈ ਅੰਦਰ

‎ਜਾਨਣ ਵਾਲਾ ਕੋਈ ਹੋਰ ਮੌਜੂਦ ਨਈਂ ਸੀ

‎ਤਦੋਂ ਵੱਧ ਕੇ ਆਲਮ ਅਮਰ ਕੋਲੋਂ

‎ਆਲਮ ਖ਼ਲਕ ਦਾ ਹਿੱਕ ਬਨਾਣ ਲੱਗਾ

‎ਆਪ ਨੂਰ ਸੀ ਨੂਰ ਹਿੱਕ ਖ਼ਲਕ ਕਰ ਕੇ

‎ਆਪੇ ਕੁਰਬ ਦੀ ਮਹਿਫ਼ਲ ਸਜਾਣ ਲੱਗਾ

‎ਐਡ ਸੋਹਣਾ ਤੇ ਖ਼ਲਕਿਆ ਬੇਮਿਸਲਾ

‎ਸਾਰੀ ਖ਼ਲਕਤੋਂ ਸ਼ਾਨ ਵਧਾਣ ਲੱਗਾ

‎ਉਹਦੇ ਸਿਰ ਤੇ ਤਾਜ "ਲੌਲਾਕ" ਵਾਲਾ

‎ਆਪਣੀ ਕੁਦਰਤਾਂ ਹੱਥੋਂ ਟਿਕਾਣ ਲੱਗਾ

‎ਅਜਬ ਨਈਂ ਜਿਹਨੂੰ ਆਪੇ ਖ਼ਲਕਿਆ ਸੂ

‎ਉਹਨੂੰ ਅਪਣਾ ਯਾਰ ਅਖਵਾਣ ਲੱਗਾ

‎ਫ਼ਿਰ ਵੱਧ ਕੇ ਹੋਰ ਵੀ ਕਰਮ ਕੀਤਾ

‎ਲੜੀ ਨੂਰਦੀ ਹੋਰ ਵਧਾਣ ਲੱਗਾ

‎ਪਹਿਲਾਂ ਹਿੱਕ ਚਿਰਾਗ਼ ਨੂੰ ਬਾਲਿਆ ਸੀ

‎ਉਸਤੋਂ ਹੋਰ ਚਿਰਾਗ਼ ਜਗਾਣ ਲੱਗਾ

‎’ਕੁੱਲ ਇੱਨਾਮਾ ਅਨਤਾ ਮੁੰਜ਼ੇਰੁਨ

‎ਵ ਲੇ ਕੁਲ-ਏ-ਕੌਮਿਨ ਹਾਦਿਨ-ਵਾਲਾ’੧

‎ਸੁਖ਼ਨ ਵਿਚ ਕੁਰਆਨ ਫ਼ਰਮਾਨ ਲੱਗਾ

‎ਪੂਰਾ ਕਰ ਸਰਬੰਧ ਇਲਮ ਮਾਰਫ਼ਤ ਦਾ

‎ਵਾਅਦਾ ਆਪਣਾ ਤੋੜ ਨਿਭਾਣ ਲੱਗਾ

‎ਫ਼ੈਜ਼ ਆਮ ਕੀਤਾ ਅੱਰਸਾਤ ਉੱਤੇ

‎ਹਸ਼ਰ ਤੱਕ ਦੀ ਦੁਨੀਆ ਚਮਕਾਣ ਲੱਗਾ

‎ਆਮ ਵੰਡ ਦਿੱਤੀ ਨੇਅਮਤ ਮਾਰਫ਼ਤ ਦੀ

‎ਜਿਹੜੀ ਸਿਫ਼ਤ ਸੀ "ਕਨਜ਼ਨ ਮਖ਼ਫ਼ੇਆਤੁਨ"

‎ਉਹਦਾ ਵਿਚਲਾ ਭੇਤ ਖੁਲਵਾਣ ਲੱਗਾ

📝 ਸੋਧ ਲਈ ਭੇਜੋ