ਮਾਰੂਥਲ ਵਿਚ ਵੀ ਬਰਸਾਤਾਂ ਹੋਣਗੀਆਂ ।
ਜੇ ਤੂੰ ਚਾਹਿਆ ਇਹ ਵੀ ਬਾਤਾਂ ਹੋਣਗੀਆਂ ।
ਪੇਂਡੂ ਸੜਕਾਂ 'ਤੇ ਜਦ ਰਾਤਾਂ ਹੋਣਗੀਆਂ ।
ਸ਼ਹਿਰੀ ਸੜਕਾਂ 'ਤੇ ਪਰਭਾਤਾਂ ਹੋਣਗੀਆਂ ।
ਯਾਦ ਕਰਾਂਗੇ ਓਦੋਂ ਨਿੱਘੇ ਮੌਸਮ ਨੂੰ ,
ਠਰੀਆਂ-ਠਰੀਆਂ ਜਦ ਵੀ ਰਾਤਾਂ ਹੋਣਗੀਆਂ ।
ਜੀਵਨ-ਰਾਹ ਵਿੱਚ ਆਪਣਾ ਗ਼ਮ, ਲੋਕਾਂ ਦਾ ਗ਼ਮ,
ਕੁਛ ਤਾਂ ਮੇਰੇ ਨਾਲ ਸੁਗਾਤਾਂ ਹੋਣਗੀਆਂ ।
ਸੂਰਜ ਤਾਂ ਸੌਂਵੇਗਾ ਪਰ ਲੋਅ ਜਾਗੇਗੀ,
ਇਸ ਪ੍ਰਕਾਰ ਦੀਆਂ ਵੀ ਰਾਤਾਂ ਹੋਣਗੀਆਂ ।
ਇਹ ਜੋ ਕੋਲੋ-ਕੋਲ ਖੜ੍ਹੇ ਨੇ ਦੋ ਸਾਏ,
ਭੇਤ ਦੀਆਂ ਹੀ ਗੱਲਾਂ-ਬਾਤਾਂ ਹੋਣਗੀਆਂ !
ਸ਼ਾਇਰ ਨਾ ਜੇ ਰਹਿੰਦੇ ਹੋਣ ਸਵਰਗਾਂ ਵਿਚ,
ਉੱਥੇ ਵੀ ਫਿਰ ਜਾਤਾਂ-ਪਾਤਾਂ ਹੋਣਗੀਆਂ ।
ਮੈਂ ਉਸ ਘੋਰ ਗੁਫ਼ਾ ਵਾਂਗਰ ਹਾਂ ਜਿਸ ਅੰਦਰ ,
ਭੁੱਲ-ਭੁਲੇਖੇ ਹੀ ਪਰਭਾਤਾਂ ਹੋਣਗੀਆਂ ।
ਏਦਾਂ ਦੇ ਵੀ ਦੂਰ ਨਹੀਂ ਦਿਨ 'ਇਕਵਿੰਦਰ' ,
ਕਮਰੇ ਅੰਦਰ ਜਦ ਬਰਸਾਤਾਂ ਹੋਣਗੀਆਂ ।