ਮਾਏ ਨੀ ਮੇਰਾ ਬਚਪਨ ਲੱਭ ਦੇ
ਹੈਥੇ ਕਿਤੇ ਹੀ ਹੋਣਾ
ਹੋਣਾ ਉਹ ਸੰਦੂਕਾਂ ਓਹਲੇ
ਲੁਕਦਾ ਹੋਣਾ ਪੋਲੇ ਪੋਲੇ
ਲੱਭ ਜਾਣਾ ਜੇ ਝਿੜਕੀਂ ਟੋਲੇ
ਬਾਹਰ ਖੜ੍ਹਾ ਜੇ ਯਾਰ ਕੋਈ ਬੋਲੇ
ਰਹਿ ਗਿਆ ਹੋਣਾ ਬਸਤੇ ਦੇ ਵਿਚ
ਜਾਂ ਕਿਤੇ ਯਾਰਾਂ ਦੇ ਪੈਰਾਂ 'ਚ ਰੁਲਦਾ
ਹੋਰ ਓਹਨੇ ਕਿੱਥੇ ਸੀ ਜਾਣਾ-
ਅਜੇ ਤਾਂ ਲਈ ਸੀ ਕੌਲੀ ਫਿਰਦਾ
ਕਹਿੰਦਾ ਸੀ ਚਾਨਣ ਪਾ ਦਹੀਂ ਖਾਣਾ-
ਜਾਂ ਬਾਪੂ ਦੇ ਫ਼ਿਕਰਾਂ 'ਚ ਗੁਆਚਾ
ਪੱਗ ਦੇ ਲੜ 'ਚ ਰੁਲ ਗਿਆ ਹੋਣਾ-
ਕਿਤਿਓਂ ਕਿਤਿਓਂ ਭੁਰ ਗਿਆ ਹੋਣਾ-
ਲੱਭੀਂ ਨੀ ਮਾਂ ਬਚਪਨ
ਕਦੇ ਕਦੇ ਦੇਖਣ ਨੂੰ ਦਿਲ ਕਰਦਾ
ਰੋਟੀ ਟੁੱਕ ਭਾਂਵੇਂ ਦੇ ਨਾ ਸਾਨੂੰ
ਸਾਡਾ ਇਸ ਚੰਦਰੇ ਬਿਨ ਨਾ ਸਰਦਾ
ਸ਼ਾਇਦ ਮੁੜ ਆਵੇ ਫਿਰ ਰੁੱਖਾਂ ਤੋਂ
ਸਵੇਰ ਦੁਪਹਿਰ ਦੀਆਂ ਭੁੱਖਾਂ 'ਚੋਂ
ਕੰਮ ਸਾਰਦੀ ਮਾਂ ਦੇ ਦੁੱਖਾਂ 'ਚੋਂ
ਘੁੱਗੀ ਵਰਗੀ ਬੋਤਲ
ਤੇ ਮੈਲੇ ਨਿੱਪਲ ਦੇ ਸੁੱਖਾਂ 'ਚੋਂ
ਹੋ ਸਕਦਾ ਕਦੇ ਪਰਤ ਹੀ ਆਵੇ
ਦਾਦੀ ਚੱਕ ਕੇ ਕੁੱਛੜ ਚਾਵੇ
ਬਚਪਨ ਨੂੰ ਓਦੋਂ ਰਾਹ ਬੜੇ ਸਨ
ਟੋਏ ਟਿੱਬੇ ਚਾਅ ਬੜੇ ਸਨ
ਛੂਹਣ ਸਿਲਾਈ ਪਿੱਠੂ ਢਾਹੁੰਦੇ
ਹਿੱਕਾਂ ਦੇ ਵਿਚ ਸਾਹ ਬੜੇ ਸਨ
ਓਸ ਉਮਰ ਦੀ ਜੇਬ ਸੀ ਛੋਟੀ
ਤਾਰੇ ਨਾ ਸਾਂਭੇ ਲੀਕ ਸੀ ਖੋਟੀ
ਬਾਪ ਦੀਆਂ ਸਾਂਵਲੀਆਂ ਅੱਖਾਂ ਮੂਹਰੇ
ਖਿੜਦੇ ਫੁੱਲ ਗਏ ਕੁਮਲਾਏ
ਮਾਂ ਦੇ ਗੁਲਾਬੀ ਬੁਲ੍ਹਾਂ ਉਤੇ
ਕਿਰਦੇ ਰਹੇ ਪੱਤਝੜ ਦੇ ਸਾਏ
ਕੋਂਪਲ ਦੀ ਅੱਖ ਖੁੱਲ੍ਹਣ ਤੱਕ
ਵਿਹੜੇ 'ਚੋਂ ਟੁਰ ਗਏ ਚੰਨ ਆਏ
ਸੂਰਜ ਦੇ ਨਾਲ ਉੱਠ ਸਾਝਰੇ
ਰਿਸ਼ਮਾਂ ਚਾਹ 'ਚ ਭੋਰ ਲੈਂਦੇਂ ਸਾਂ
ਕਾਗਜ਼ ਦੀ ਬੇੜੀ ਬਣਾ ਕੇ
ਉੱਧੜੀ ਉਮਰ ਨੂੰ ਜੋੜ ਲੈਂਦੇਂ ਸਾਂ
ਬੁੱਕਲ ਮਾਰ ਕੇ ਗਾਉਂਦੀ ਰਾਤ ਨੂੰ
ਚੰਨ ਦੁੱਧ 'ਚ ਖ਼ੋਰ ਲੈਂਦੇ ਸਾਂ
ਖ਼ਬਰੇ ਕੀ ਸਨ ਲੱਗਦੇ ਮੇਰੇ
ਤਾਰਾ ਤਾਰਾ ਤੋੜ ਲੈਂਦੇ ਸਾਂ
ਸਤਲੁਜ ਝਨਾਂ ਪਾਣੀ ਓਥੇ
ਦਾਦੀ ਦੀ ਕਹਾਣੀ ਓਥੇ
ਰਾਜਾ ਤੇ ਇੱਕ ਰਾਣੀ ਓਥੇ
ਸੁਫ਼ਨੇ ਮੇਰੇ ਹਾਣੀ ਓਥੇ
ਕਿਤੇ ਲੱਭੇ ਜਾਂ ਫਿਰੇ ਗੁਆਚਾ
ਬਚਪਨ ਨੂੰ ਕਹੋ ਘਰ ਆ ਜਾਵੇ
ਮਲ੍ਹੇ ਬੇਰੀਆਂ ਕੰਡਿਆਂ ਕੋਲੋਂ
ਗੱਭਰੂ ਹੋਏ ਖ਼ਾਬ ਬਚਾਵੇ
ਭੁੱਖਾ ਹੋਣਾ ਜੈ ਵੱਢੇ ਦਾ
ਝਿੜਕ ਤੋਂ ਡਰਦਾ ਘਰ ਨਾ ਆਵੇ
ਦਿਨ ਉੱਜੜ ਗਏ ਰਾਤ ਉੱਜੜ ਗਈ
ਬਚਪਨ ਦੀ ਪਰਭਾਤ ਉੱਜੜ ਗਈ
ਭੁੱਖੇ ਨੰਗੇ ਪੈਰਾਂ ਵਾਲੀ
ਯਾਰਾਂ ਦੀ ਮੁਲਾਕਾਤ ਉੱਜੜ ਗਈ
ਕੁੱਛੜ ਚੜ੍ਹੀ ਸੀ ਮਸਾਂ ਸਮੇਂ ਦੇ
ਨਿਸਚਿੰਤ ਨਿਕਰਮੀ ਬਾਤ ਉੱਜੜ ਗਈ
ਸੌਣ ਦਾ ਵੇਲਾ ਮਾਂ ਉਡੀਕੇ
ਚੰਨ ਸੋਹਣਿਆਂ ਛਾਂ ਉਡੀਕੇ
ਯਾਰਾਂ ਭਰਿਆ ਗਰਾਂ ਉਡੀਕੇ
ਤੇਰੇ ਬਗ਼ੈਰ ਸੁੰਨੀ ਪਈ ਵੇ
ਖੇਡਾਂ ਵਾਲੀ ਥਾਂ ਉਡੀਕੇ