ਝੰਡਾ ਝੁਲਦਾ ਸੀ ਤੇਰਾ ਜਮਰੋਦ ਉੱਤੇ,
ਰਸਤਾ ਦੇਂਦਾ ਸੀ ਅਟਕ ਦਾ ਆਬ ਤੈਨੂੰ।
ਸਦਾ ਆਪਣੀ ਹਿੱਕ ਤੇ ਲਾਂਵਦੇ ਸਨ,
ਸਤਲੁਜ, ਰਾਵੀ ਤੇ ਜਿਹਲਮ, ਚਨਾਬ ਤੈਨੂੰ।
ਦਿਨੇ ਰਾਤ ਆਪਣਾ ਚਵਰ ਝੋਲਦੇ ਸੀ,
ਆਫ਼ਤਾਬ ਨਾਲੇ ਮਹਿਤਾਬ ਤੈਨੂੰ।
ਮਿਿਲਆ ਹੋਇਆ ਸੀ ਯੋਧਾ ਜਰਨੈਲ ਬਾਂਦਾ,
ਹਰੀ ਸਿੰਘ ਨਲੂਆ ਲਾ ਜੁਆਬ ਤੈਨੂੰ।
ਬਖਸ਼ੀ ਹੋਈ ਸੀ ਕੁਦਰਤ ਨੇ ਆਪ ਹੱਥੀਂ,
ਸ਼ਕਤੀ ਸ਼ੇਰ ਵਾਲੀ ਬੇ ਹਿਸਾਬ ਤੈਨੂੰ।
ਤਦੇ ਸੋਹਣੇ ਪੰਜਾਬ ਦੇ ਵਾਲੀਆ ਉਏ,
ਲੋਕੀਂ ਕਹਿੰਦੇ ਨੇ ਸ਼ੇਰ-ਇ-ਪੰਜਾਬ ਤੈਨੂੰ।
ਰਣਜੀਤ ਬਣ ਕੇ ਰਣ ਨੂੰ ਜਿੱਤਿਆ ਤੂੰ,
ਤੇਰੀ ਕਿਧਰੇ ਵੀ ਹੁੰਦੀ ਨਾ ਹਾਰ ਡਿੱਠੀ।
ਬਾਈ ਧਾਰ ਦੇ ਰਾਜਿਆਂ ਕਦਮ ਚੁੰਮੇ,
ਜਦੋਂ ਚਮਕਦੀ ਤੇਰੀ ਤਲਵਾਰ ਡਿੱਠੀ।
ਤੇਰੇ ਅਦਲ ਇਨਸਾਫ਼ ਦੇ ਗੀਤ ਗਾਉਂਦੀ,
ਇਸ ਪੰਜਾਬ ਦੀ ਮੈਂ ਹਰ ਇੱਕ ਨਾਰ ਡਿੱਠੀ।
ਕਰ ਕੇ ਰਾਜ ਕਾਇਮ ਆਪੂੰ ਖ਼ਾਲਸੇ ਦਾ,
ਸਾਰੇ ਰਾਜ ਦੀ ਮੌਜ ਬਹਾਰ ਡਿੱਠੀ।
ਦੇਂਦੇ ਰਹੇ ਸਲਾਮੀਆਂ ਝੁਕ ਝੁਕ ਕੇ,
ਆਕੜ ਖਾਨ ਪਠਾਣ ਨਵਾਬ ਤੈਨੂੰ।
ਮਿਲਦੇ ਰਹੇ ਅੰਗਰੇਜ਼ ਵੀ ਦਿਨੇ ਰਾਤੀ,
ਫੇਰੇ ਪਾ ਪਾ ਸ਼ੇਰ-ਇ-ਪੰਜਾਬ ਤੈਨੂੰ।
ਤੈਨੂੰ ਕੀ ਆਖਾਂ ਕਾਹਦਾ ਰੂਪ ਸੈਂ ਤੂੰ,
ਬਾਦਸ਼ਾਹ ਤੇ ਨਾਲੇ ਫਕੀਰ ਵੀ ਸੈਂ।
ਮੋਇਆਂ ਲਈ ਜੇ ਅੰਮ੍ਰਿਤ ਦੀ ਬੂੰਦ ਸੈਂ ਤੂੰ,
ਜੀਂਦਿਆਂ ਲਈ ਤੂੰ ਸ਼ਮਸ਼ੀਰ ਵੀ ਸੈਂ।
ਜੇਕਰ ਜ਼ਾਲਮਾਂ ਲਈ ਸੈਂ ਜ਼ਹਿਰ ਕਾਤਲ,
ਦਰਦਮੰਦਾਂ ਦੇ ਲਈ ਅਕਸੀਰ ਵੀ ਸੈਂ।
ਜੇਕਰ ਕਈਆਂ ਨੂੰ ਟੈਕਸ ਤੂੰ ਲਾਂਵਦਾ ਸੈਂ,
ਬਖਸ਼ਿਸ਼ ਕਰਦਾ ਕਈਆਂ ਨੂੰ ਜਗੀਰ ਵੀ ਸੈਂ।
ਇੱਕੋ ਮੈਂ ਨਹੀਂ ਸਾਰਾ ਜਹਾਨ ਕਹਿੰਦੈ,
ਚਸ਼ਮਾ ਫੈਜ਼ ਦਾ ਫੈਜ਼-ਇ-ਆਬ ਤੈਨੂੰ।
ਜੱਰਾ ਜੱਰਾ ਪੰਜਾਬ ਦਾ ਅੱਜ ਤੀਕਰ,
ਕਰਦਾ ਯਾਦ ਹੈ ਸ਼ੇਰ-ਇ-ਪੰਜਾਬ ਤੈਨੂੰ।
ਤੇਰੇ ਘੋੜੇ ਦੀ ਟਾਪ ਦੀ ਅਵਾਜ਼ ਸੁਣਕੇ,
ਥਰ ਥਰ ਕੰਬੀ ਜ਼ਮੀਨ ਅਸਮਾਨ ਕੰਬਿਆ।
ਕਾਬਲ ਕੰਬਿਆ ਨਾਲੇ ਕੰਧਾਰ ਕੰਬਿਆ,
ਥਰ ਥਰ ਕੰਬੀ ਪਠਾਣੀਂ ਪਠਾਨ ਕੰਬਿਆ।
ਤੇਗਾਂ ਤੇਰੀਆਂ ਲਿਸ਼ਕੀਆਂ ਤਕ ਤਕ ਕੇ,
ਹਰ ਜੁਆਨ ਗ਼ਾਜ਼ੀ ਬੇਈਮਾਨ ਕੰਬਿਆ।
ਅਟਕਿਆ ਅਟਕ ਜਲਾਲ ਨੂੰ ਵੇਖ ਤੇਰੇ,
ਉੱਠਦਾ ਕੰਢਿਓਂ ਕਾਲ "ਤੂਫਾਨ" ਕੰਬਿਆ।
ਫ਼ਤਹਿ ਤੇਰੀ ਰਕਾਬ ਦੇ ਨਾਲ ਦੌੜੀ,
ਮੱਥਾ ਟੇਕਦਾ ਸੀ ਆਫ਼ਤਾਬ ਤੈਨੂੰ।
ਐਪਰ ਦੀਦੇ ਅੱਜ ਸਾਡੇ ਤਰਸ ਰਹੇ ਨੇ,
ਕਿੱਥੋਂ ਢੂੰਢੀਏ ਸ਼ੇਰ-ਇ-ਪੰਜਾਬ ਤੈਨੂੰ।