ਮਹਾਂਯੁਧ

ਜੇ ਮੇਰੇ ਕੋਲ ਕਵਿਤਾ ਨਾ ਹੁੰਦੀ

ਤਾਂ ਮੈਂ ਕਿਵੇਂ ਲੜਦਾ

ਤੇਰੇ ਅਦਿੱਖ ਹਥਿਆਰਾਂ ਨਾਲ

ਜੋ ਲੜਾਈਆਂ ਮੈਂ ਲੜ ਨਹੀਂ ਸਕਦਾ

ਪ੍ਰਤੱਖ ਦੇ ਮੰਡਲਾਂ ਵਿੱਚ

ਜੋ ਲੜਾਈਆਂ ਮੈਂ ਇਕੱਲਿਆਂ ਲੜਨੀਆਂ ਹਨ

ਪਰਛਾਵਿਆਂ ਨਾਲ

ਅਦਿੱਖ ਅਕਾਰਾਂ ਨਾਲ

ਅਰਥਾਂ ਨਾਲ

ਬਜ਼ਾਰਾਂ ਵਿੱਚ ਉਨ੍ਹਾਂ ਲਈ

ਹਥਿਆਰ ਨਹੀਂ ਹਨ

ਮੈਂ ਲੜ ਰਿਹਾ ਹਾਂ

ਜਿਵੇਂ ਆਪਣੀ ਸਤਹ ਦੇ ਥੱਲੇ

ਸਮੁੰਦਰ ਲੜਦਾ ਹੈ

ਜਿਵੇਂ ਹਰ ਦਿਸਦੇ ਪਿੱਛੇ

ਕੁੱਝ ਸੂਖਮ ਹੁੰਦਾ ਹੈ

ਜਿਵੇਂ ਚੁਪ ਦੇ ਪਿੱਛੇ

ਕੋਈ ਖਲਬਲੀ ਹੁੰਦੀ ਹੈ

ਮੇਰਾ ਇਹ ਅਮੁਕ ਯੁੱਧ

ਕਵਿਤਾ ਵਿੱਚ ਛੁਪਿਆ ਹੈ

ਮਿੱਥਾਂ ਵਿੱਚ ਜਿਵੇਂ ਸੱਚ ਲੁਪਤ ਹੈ

ਧਰਤੀ ਵਿੱਚ ਜਿਵੇਂ

ਬੋਲ ਛੁਪੇ ਹਨ

ਅਸਮਾਨਾਂ ਵਿੱਚ ਜਿਵੇਂ

ਅਸੀਸਾਂ ਗੁੰਮ ਹਨ

📝 ਸੋਧ ਲਈ ਭੇਜੋ