ਮੈਂ ਮੰਗਤਾ, ਮੇਰੀ ਫਿਤਰਤ ਮੰਗਣਾ, ਜਨਮ ਤੋਂ ਮੰਗਦਾ ਆਇਆ ।
ਮਾਂ, ਬਾਪ ਮੇਰੇ ਮੰਨਤਾ ਮੰਨ-ਮੰਨ, ਮੰਗਤਾ ਝੋਲੀ ਪਾਇਆ ॥
ਉਸ ਪਲ ਤੋਂ ਮੇਰਾ ਮੰਗਣਾ ਚਾਲੂ, ਰੋ ਰੋ ਸ਼ੋਰ ਮਚਾਇਆ ।
ਬਸ ਅੱਜ ਤੱਕ ਹਾਂ ਮੰਗੀ ਜਾਂਦਾ, ਕੀ ਛੁੱਟਿਆ ਕੀ ਪਾਇਆ ॥
ਇੱਕ ਮਣ ਮਿੱਟੀ, ਧੜੀ ਕੁ ਪਾਣੀ, ਇਹ ਮੇਰਾ ਸਰਮਾਇਆ ।
ਮਿੱਟੀ ਖਾਧੀ, ਮਿੱਟੀ ਪਹਿਨੀ, ਮਿੱਟੀ ਹੇਠ ਛੁਪਾਇਆ ॥
ਕੁੱਲੀ, ਗੁੱਲੀ, ਜੁੱਲੀ ਮੰਗਦੇ, ਪੂਰਾ ਜਨਮ ਲੰਘਾਇਆ ।
ਹਾਏ ਉਏ ਯਾਰਾ ਤੇਰੀ ਕੁਦਰਤ, ਅਜੇ ਸਬਰ ਨਾ ਆਇਆ॥
ਇਹ ਸਭ ਮੇਰੇ ਮਨ ਦੀ ਹਾਲਤ, ਜਿਸਨੇ ਮੰਗਣ ਲਾਇਆ ।
ਸੁੱਖ ਚੈਨ ਹਰ ਸ਼ੈਅ ਚੋਂ ਲੱਭਿਆ, ਪਰ ਨਾ ਕਿਤੋਂ ਥਿਆਇਆ ॥
ਹਰ ਉਹ ਚੀਜ਼ ਪਰਾਈ ਹੋ ਗਈ, ਰੱਜ ਕੇ ਜਿਸਨੂੰ ਚਾਹਿਆ ॥
ਮੈਂ ਨਹੀਂ ਕਹਿੰਦਾ ਝੋਲੀ ਭਰਦੇ, ਮੈਨੂੰ ਮਾਲਾਮਾਲ ਤੂੰ ਕਰਦੇ ।
ਬੱਸ ਮੇਰੀ ਨੀਤ ਤੂੰ ਭਰਦੇ, ਮੇਰਾ ਮੰਗਣਾ ਬੰਦ ਤੂੰ ਕਰਦੇ
ਇੱਕ ਵਾਰੀ ਹੱਥ ਸਿਰ ਤੇ ਧਰਦੇ, ਇਸ਼ਕ ਮੇਰੇ ਦੀ ਇੱਜ਼ਤ ਕਰਦੇ ॥
ਫੇਰ ਦੇਖੀਂ ਕਿਵੇਂ ਧੁੱਪਾਂ ਜਰਦੇ, ਬਿਨ ਤੇਰੇ ਮੇਰੇ ਹੱਡ ਨੇ ਠਰਦੇ ।
ਤੂੰ ਰੱਖ ਲਏਾ ਤਾ ਫੇਰ ਨੀ ਮਰਦੇ, "ਮੰਡੇਰ" ਤੋਂ ਹੁਣ ਦੱਸ ਕਾਹਦੇ ਪਰਦੇ॥