ਮੈਂ ਆਵਾਂਗਾ
ਤੂੰ ਮੇਰੀ ਉਡੀਕ ਕਰੀਂ
ਅਜੇ ਮੈਂਨੂੰ ਫ਼ੁਰਸਤ ਨਹੀਂ ਹੈ
ਅਜੇ ਮੈਂ ਤਾਰਿਆਂ ਨੂੰ
ਨਿੱਕੇ ਨਿੱਕੇ ਸੂਰਜ ਬਣਾਉਣਾ ਹੈ
ਚੰਨ ਨੂੰ ਸਿਖਾਉਣਾ ਹੈ
ਆਪ ਜਗਣਾ
ਉਧਾਰੇ ਚਾਨਣ ਤੇ
ਕਿੰਨਾ ਕੁ ਚਿਰ ਜੀਵੇਗਾ
ਮਿੱਟੀ ਨੂੰ ਕਹਿਣਾ ਹੈ
ਕਿ ਉਹ ਰੌਸ਼ਨ ਦੀਵਿਆਂ ਨੂੰ
ਜਨਮ ਦੇਵੇ
ਰੁੱਖਾਂ ਨੂੰ ਅਰਜ਼ ਕਰਨੀ ਹੈ
ਕਿ ਉਹ ਜਗਮਗਾਉਂਦੀਆਂ
ਲਾਟਾਂ ਵਾਲੇ
ਰੰਗ ਬਿਰੰਗੇ ਫੁੱਲ ਪੈਦਾ ਕਰਨ
ਪੰਛੀਆਂ ਨੂੰ ਸੁਨੇਹਾ ਹੈ
ਕਿ ਉਹ ਉੱਜੜੇ ਘਰਾਂ ਦੇ
ਸੁੰਨਿਆਂ ਬਨੇਰਿਆਂ ਤੇ
ਜਗਦੇ ਦੀਵੇ ਟਿਕਾ ਕੇ ਆਉਣ
ਹਵਾਵਾਂ ਨੂੰ ਤਾਕੀਦ ਹੈ
ਕਿ ਉਹ ਦੇਸ਼ਾਂ ਦੀਆਂ ਸਰਹੱਦਾਂ ਤੇ
ਬਲਦੀਆਂ ਮੀਜਾਇਲਾਂ ਬੰਬਾਂ ਨੂੰ
ਤੁਰੰਤ ਬੁਝਾਉਣ
ਤੋਪਾਂ ਟੈਕਾਂ ਨੂੰ
ਡੂੰਘੇ ਦਫ਼ਨ ਕਰਨ ਮਿੱਟੀਆਂ
ਮੈਂ ਆਉਨਾਂ
ਜ਼ਰਾ ਸਮੇਟ ਲਵਾਂ ਹੱਥਲੇ ਕੰਮ
ਸਿਰਜ ਲਵਾਂ ਇਤਿਹਾਸ
ਪੂੰਝ ਦੇਵਾਂ ਹਨੇਰਿਆਂ ਨੂੰ