ਮੈਂ ਆਜ਼ਾਦੀ ਦਾ ਮਤਵਾਲਾ, ਮੇਰੀਆਂ ਇਹ ਤਕਰੀਰਾਂ ਨੇ ।
ਮੇਰੇ ਹੱਥਾਂ ਵਿਚ ਹਥਕੜੀਆਂ, ਪੈਰਾਂ ਵਿਚ ਜ਼ੰਜੀਰਾਂ ਨੇ ।
ਮੇਰੀਆਂ ਸੱਧਰਾਂ ਮੇਰੇ ਜ਼ਿੰਦਾ ਰਹਿਣ ਦਾ ਇਕ ਬਹਾਨਾ ਸਨ,
ਮੇਰੀਆਂ ਸੱਧਰਾਂ ਹੱਥੋਂ ਮੇਰੇ, ਕਤਲ ਦੀਆਂ ਤਦਬੀਰਾਂ ਨੇ ।
ਯੁਗ ਬੀਤੇ ਨੇ ਅਰਮਾਨਾਂ ਦੀ ਸੂਲੀ ਟੰਗਿਆ ਹੋਇਆ ਹਾਂ,
ਕੀਹਨੂੰ ਪੁੱਛਾਂ, ਕਿਹੜਾ ਦੱਸੇ, ਮੇਰੀਆਂ ਕੀ ਤਕਸੀਰਾਂ ਨੇ ।
ਮੇਰੇ ਪਾਗਲ-ਪਣ ਦੇ ਕਾਰਨ, ਮੈਥੋਂ ਯਾਰ ਵੀ ਵਿਛੜ ਗਿਆ,
ਜਿਨ੍ਹਾਂ ਨੇ ਮੇਰਾ ਸੰਗ ਨਿਭਾਇਆ, ਮੇਰੇ ਤਨ ਦੀਆਂ ਲੀਰਾਂ ਨੇ ।
ਮੇਰੇ ਹਰ ਇਕ ਸ਼ਿਅਰ ਦੇ ਅੰਦਰ ਉਹਦਾ ਰੂਪ ਝਲਕਦਾ ਏ,
ਉਹਦੇ ਐਲਬਮ ਦੇ ਵਿਚ ਭਾਵੇਂ ਮੇਰੀਆਂ ਕੁੱਝ ਤਸਵੀਰਾਂ ਨੇ ।
ਸਭ ਦੀ ਮੰਜ਼ਿਲ ਸੱਚਾ ਪਿਆਰ ਏ, ਰਸਤੇ ਵੱਖਰੇ-ਵੱਖਰੇ ਨੇ,
ਖ਼ਾਬ ਤੇ ਇਕ ਏ ਭਾਵੇਂ ਉਹਦੀਆਂ, ਕਿੰਨੀਆਂ ਈ ਤਾਬੀਰਾਂ ਨੇ ।
'ਆਰਿਫ਼' ਮੇਰੇ ਕੋਲ ਨਾ ਧਨ ਏ, ਨਾ ਈ ਧਨ ਦੀਆਂ ਸੱਧਰਾਂ ਨੇ,
ਮੇਰੀ ਜ਼ਿੰਦੜੀ ਦੀ ਕੁੱਲ ਪੁੰਜੀ, ਮੇਰੀਆਂ ਇਹ ਤਹਿਰੀਰਾਂ ਨੇ ।