ਮੈਂ ਬਹੁਤ ਘੱਟ ਪੜ੍ਹਦਾ ਹਾਂ
ਪਰ ਦੁੱਧ ਵਰਗਾ ਹੀ ਵਰਕਾ ਨਜ਼ਰ ਆਉਂਦਾ ਹੈ
ਟੀਵੀ ਨਹੀਂ ਦੇਖਦਾ
ਕਿਉਂਕਿ ਹਰ ਸੀਨ ਕੁਫ਼ਰ ਉੱਗਲਦਾ ਹੈ
ਸ਼ਾਹੀ ਦਰਬਾਰਾਂ ਦੀ ਹੀ ਗੱਲ ਕਰਦਾ ਹੈ-
ਹਰ ਵੇਲੇ ਏਨਾ ਵਿਕਾਸ ਵੀ ਕਿਹੜਾ ਹਜ਼ਮ ਕਰੇ-
ਯਾਦ ਰੱਖਿਓ
ਘਰ ਦੇ ਹੈਲੀਕਾਪਟਰਾਂ ਦੇ ਝੂਟੇ ਮੂਟੇ
ਇੱਟਾਂ ਪੱਥ 2 ਨਹੀਂ ਮਿਲਦੇ-
ਹੱਥਾਂ ਤੇ ਪਏ ਰੱਟਣ
ਨਹੀਂ ਉਸਾਰ ਸਕਦੇ ਹਰ ਦੇਸ਼ ਵਿਚ ਪੰਜ ਜਾਂ ਸੱਤ ਸਿਤਾਰੇ
ਉਸਾਰ ਲੈਣ ਦਿਓ ਇਹਨਾਂ ਨੂੰ ਯਾਦਗਾਰਾਂ
ਬਹੁਤ ਨੇ ਅਕਬਰ ਜਹਾਂਗੀਰ ਦੇ ਖ਼ੰਡਰ ਹੋਏ ਸੁਪਨੇ-
ਬੰਸਰੀ ਦੀ ਚੀਖ਼ ਨਹੀਂ ਕਦੇ ਮਰਦੀ ਹੁੰਦੀ-
ਬੁੱਖ ਦੀ ਚੀਸ ਨਹੀਂ ਕਦੇ ਡਰਦੀ ਹੁੰਦੀ-
ਤੁਸੀਂ ਕਿਸ ਦੀ ਗੱਲ ਕਰਦੇ ਹੋ
ਤੁਹਾਨੂੰ ਵੀ ਪਤਾ ਹੈ ਸੱਭ ਕੁਝ
ਕਿ ਕਵਿਤਾ ਪੇਟ ਨਹੀਂ ਪਾਲ ਸਕਦੀ
ਭੁੱਖੀਆਂ ਆਂਦਰਾਂ ਤੇ ਲਿਖੇ
ਗੀਤਾਂ ਦੇ ਹਾਉਕੇ ਕਦੇ ਹਾਰ ਨਹੀਂ ਬਣਦੇ-
ਹਿੱਕਾਂ 'ਚ ਸੁੱਤੇ ਸੁਫ਼ਨੇ
ਕਦੇ ਸਨਮਾਨ ਦੇ ਹੱਕ ਨਹੀਂ ਭਾਲਦੇ
ਪਿੰਡੇ ਤੋਂ ਕਿਰਦੇ ਪਸੀਨੇ ਚੋਂ
ਕਦੇ ਦਿਲਕਸ਼ ਭਾਸ਼ਣ ਨਹੀਂ ਉੱਗਦੇ-
ਝੂਠ ਬੋਲਦੀ ਲਿਖਦੀ ਇਸ਼ਤਿਹਾਰਾਂ ਲੱਦੀ ਅਖ਼ਬਾਰ
ਕਦੇ ਲੋਕ ਅਵਾਜ਼ ਨਹੀਂ ਸਿਰਜਦੀ-
ਨਾ ਹੀ ਲੋਕ ਅਵਾਜ਼ ਹੁੰਦੀ ਹੈ-
ਵਿਉਪਾਰ ਹੋ ਸਕਦਾ ਹੈ ਵਧੀਆ-ਮੀਡੀਏ ਦਾ
ਦੱਸੋ ਤਾਂ ਸਹੀ ਕਿ ਕਿਉਂ ਪੜ੍ਹਾਂ ਦੇਖਾਂ ਤੇ ਸੁਣਾਂ-
ਅਖਬਾਰ ਟੀਵੀ ਰੇਡੀਓ
ਤੁਸੀਂ ਸੁਣਿਆ ਕਰੋ-
ਇਹ ਸਾਰੇ ਬੇਕਾਰ ਸੱਤਾ ਦੇ ਲੂਲੇ ਲੰਗੜੇ ਅੰਗ
ਮੇਰੀ ਤਾਂ ਮੱਤ ਬਹੁਤ ਸੌੜੀ ਹੋ ਗਈ ਹੈ
ਤੁਸੀਂ ਅਰਜ਼ਾਂ ਕਰ 2 ਮਰਿਆ ਕਰੋ
ਇਹ ਬਿਨ ਅਰਦਾਸਾਂ ਦੇ ਵੀ ਜਿਊਣਗੇ
ਇਹਨਾਂ ਦੇ ਹੱਥਾਂ ਤੇ ਲਿਖੀ
ਕਦੇ ਕੋਈ ਇੱਕ ਵੀ ਮਿਹਨਤ ਦੀ ਲਕੀਰ ਪੜ੍ਹਿਓ-
ਤੇ ਜੋ ਸਾਡੇ ਸਨ ਲਕੀਰਾਂ -
ਉਹ ਓਦਾਂ ਮਿਹਨਤ ਕਰਦੇ 2ਮਿਟ ਗਈਆਂ-
ਸਾਨੂੰ ਤੇ ਜੇ ਚਾਅ ਰਿਹਾ-
ਉਹ ਸੀ ਇੱਕ ਮਹਿੰਦੀ ਦਾ
ਜਾਂ ਨਵੀਆਂ ਚੜਾਈਆਂ ਵੰਗਾਂ ਦਾ-
ਜ਼ਿੰਦਾ ਜਲਾ ਦਿਓ ਚਿਖ਼ਾ ਚ
ਆਪਣੇ 2 ਅਜੇਹੇ ਰੱਬ ਨੂੰ
ਜੋ ਅਜੇਹੀਆਂ ਲਿਖਦਾ ਹੈ ਤਕਦੀਰਾਂ
ਜੋ ਬਣਾਉਂਦਾ ਹੈ
ਇੱਕ 2 ਵੇਲੇ ਦੀਆਂ ਰੋਟੀ ਵਰਗੀਆਂ
ਘਿਸੀਆਂ ਪਿੱਟੀਆਂ ਤਸਵੀਰਾਂ
ਜੋ ਕਦੇ ਖੁਣ ਨਾ ਸਕਿਆ
ਸਾਡੇ ਸਿੱਸਕਦੇ ਮੱਥਿਆਂ ਤੇ
ਨਾ ਮਿਟਣ ਵਾਲੀਆਂ ਤਕਦੀਰਾਂ ਤੇ ਲਕੀਰਾਂ-
ਡਾਹਣਿਆਂ ਤੇ ਨਾ ਲਟਕੋ
ਟੈਂਕੀਆਂ ਨੇ ਨਹੀਂ ਕੁਝ ਬਖ਼ਸ਼ਣਾਂ
ਰੋਕ ਲਵੋ ਚਿੱਟੀਆਂ ਕਾਰਾਂ ਦੇ ਕਾਫ਼ਲੇ
ਭੁੱਖੇ ਪਿਆਸੇ ਸੂਹੇ ਬਲਦੇ ਹੰਝੂ
ਇਹਨਾਂ ਦੇ ਸਫ਼ੈਦ ਕੁੜਤਿਆਂ ਤੇ ਵੀ ਛਿੜਕੋ
ਇਹਨਾਂ ਦੇ ਸਾਹਾਂ ਲਈ ਵੀ
ਅੱਗ ਚੋਂ ਕੋਈ ਲਾਂਬੂ ਲੱਭੋ
ਦੱਸੋ ਕਿ ਝੁੱਗੀਆਂ ਚ ਕਿਉਂ ਨਹੀ ਝਾਕਦਾ ਚਾਨਣ
ਕਿਉਂ ਨਹੀਂ ਬੈਠਦੇ ਘੁੱਗੀਆਂ ਕਬੂਤਰ ਸਾਡੇ ਬਨ੍ਹੇਰਿਆਂ ਤੇ
ਸਾਡੇ ਹੀ ਵਿਹੜਿਆਂ ਨੂੰ ਕਿਉਂ ਸਰਾਪ ਹੈ
ਨੰਨਿਆਂ ਦੇ ਖਿਲੌਣਿਆਂ ਦਾ-
ਘਰ ਜੇ ਢਾਹੇ ਜਾਂਦੇ ਹਨ
ਤਾਂ ਮਿਹਨਤ ਦੀ ਮਿੱਟੀ ਨਾਲ ਲਿੱਪੇ ਹੀ ਕਿਉਂ
ਅੱਗ ਜੇ ਆਉਂਦੀ ਹੈ ਤਾਂ ਸਾਡੇ ਹੀ ਦਰ ਤੇ ਕਿਉਂ ਮਰਦੀ ਹੈ-
ਤੂੰ ਜਿੰਨੇ ਮਰਜ਼ੀ ਵਾਧੂ ਸਾਹ ਲਿਖਵਾ ਲੈ
ਬੈਠ ਜਾ ਜਿੰਨੀ ਵੀ ਧਰਤ ਮੱਲ ਕੇ
ਉਹ ਦਿਨ ਆਉਣ ਵਾਲਾ ਹੈ-
ਤੇਰੀ ਸ਼ੁਹਰਤ ਦੇ ਮਹਿਲ ਵੀ ਹਨ੍ਹੇਰੀ ਢਾਏਗੀ
ਸ਼ਾਹ ਹੁਸੈਨ ਗਦਾਫ਼ੀ ਵਰਗੇ ਸਾਰੇ ਸੁਪਨੇ
ਸੱਖਣੇ ਰਹਿ ਜਾਣਗੇ
ਸਲੀਬ ਗੱਡ ਦਿਤੀ ਹੈ ਲੋਕਾਂ
ਤੈਨੂੰ ਛੁਪੇ ਨੂੰ ਵੀ ਲੱਭਦੇ ਫਿਰਦੇ ਨੇ ਭੁੱਖੇ ਪਿਆਸੇ ਪਹਿਰ-
ਰੁੱਖਾਂ ਨੂੰ ਕਹਿ ਰਿਹਾ ਹਾਂ
ਪਿੰਡਾਂ ਨੇ ਟੁਰ ਪੈਣਾ ਹੈ ਨਾਲ-
ਸ਼ਹਿਰਾਂ ਦੇ ਕਾਫ਼ਲੇ ਵੀ ਬਣ ਜਾਣਗੇ-
ਇਸ ਖ਼ਬਰ ਦੀ ਚਰਚਾ ਵੀ
ਕਰੇਗਾ ਅਖਬਾਰ ਟੀਵੀ ਰੇਡੀਓ
ਫਿਕਰ ਨਾ ਕਰ -ਹੱਸ ਖੇਡ ਚਾਰ ਦਿਨ-
ਤੇਰੀ ਹਿੱਕ ਦੀ ਸੂਹ ਵੀ ਕੱਢ ਰਹੀ ਹੈ ਕੋਈ ਗੋਲੀ
ਤੇਰੇ ਵੈਣਾਂ ਦੀਆਂ ਲੜ੍ਹੀਆਂ ਵੀ ਪਰੋਅ ਰਿਹਾ ਹੈ ਕੋਈ ਦਿਨ-
ਟੁੱਟੀਆਂ ਵੰਗਾਂ ਤੇ ਕਦੇ ਸੁਹਾਗ ਨਹੀਂ ਲਿਖੇ ਜਾਂਦੇ
ਹਿੱਕਾਂ ਤੇ ਲੱਗੀਆਂ ਗੋਲੀਆਂ ਕਦੇ ਤਗਮੇਂ ਨਹੀਂ ਬਣਦੇ-
ਪਰ ਤੋਲ ਰਹੇ ਹਨ ਪਲ
ਗੱਲ ਚੱਲ ਰਹੀ ਹੈ ਘਰ 2-
ਗੀਤਾਂ ਸੁਰਾਂ ਤੋਂ ਵੀ ਜਰਾ ਡਰ
ਲੋਕਾਂ ਅੰਬਰ ਕਰ ਲਏ ਸਰ
ਤੇਰਾ ਵੀ ਲੱਭ ਲੈਣਗੇ ਘਰ-