ਮੈਨੂੰ ਅੱਜ ਤੱਕ ਸਮਝ ਨਹੀਂ ਆਈ
ਤੁਸੀਂ ਸਰਹੱਦ ਕਿਵੇਂ ਬੰਨ੍ਹ ਲਈ
ਮੈਂ ਧਰਤੀ ਤਾਂ ਸਭ ਦੀ ਸਾਂਝੀ ਹਾਂ
ਫਿਰ ਤੁਸਾਂ ਨੇ ਕਿੱਦਾਂ ਵੰਡ ਲਈ।
ਤੁਸੀਂ ਰਜਿਸਟਰੀਆਂ ਕਰਨ ਲੱਗ ਪਏ,
ਹੈਰਾਨ ਹਾਂ, ਤੁਹਾਡੀ ਹਿੰਮਤ ਕਿਵੇਂ ਪਈ।
ਤੁਹਾਡੀ ਮਾਂ ਨਹੀਂ ਕਿਹਾ ਕਿ ਗ਼ਲਤ ਹੈ,
ਕੀ ਉਹ ਨਹੀਂ ਕੁਰਲਾਈ।
ਮੇਰੇ ਇੰਤਕਾਲ ਚੜ੍ਹੇ ਵੇਖ ਕੇ,
ਉਹ ਨਾ ਸ਼ਰਮਾਈ।
ਕਦੇ-ਕਦੇ ਮੇਰਾ ਦਿਲ ਕਰਦਾ
ਕਿ ਪਰਲੋ ਭੇਜਾਂ ਕੋਈ।
ਪਰ ਵਾ-ਵਰੋਲ਼ੇ ਭੇਜਕੇ,
ਜਾਵਾਂ ਮੈਂ ਸਮਝਾਈ।
ਮੈਂ ਕਰੋਨਾ ਰਾਹੀਂ ਪੱਤਰ ਭੇਜਿਆ,
ਘਰੀਂ ਬੰਦ ਕਰ ’ਤੇ ਭੈਣ ਤੇ ਭਾਈ।
ਤੁਹਾਡੀ ਦਾਣੇ-ਦਾਣੇ ਨੂੰ ਤਰਸਦੀ,
ਵੇਖੀ ਦਰ-ਦਰ ਮੰਗਦੀ ਮਾਈ।
ਮਾਈ ਤੁਹਾਡੀ ਰੋਂਦੀ ਵੇਖ ਕੇ,
ਲੋਕੋ ਮੇਰੀ ਅੱਖ ਭਰ ਆਈ।
ਤੁਸੀਂ ਮੂੰਹ ’ਤੇ ਪਰਦੇ ਪਾ ਲਏ,
ਤੁਹਾਡੀ ਅੱਖ ਰਹੀ ਤਿਹਾਈ।
ਤੁਸੀਂ ਮਹਿਲ-ਮੁਨਾਰੇ ਪਾਉਣ ਲਈ,
ਮਨੂੰ ਅੱਗ ਨਾਲ਼ ਜਾਂਦੇ ਪਕਾਈ।
ਮੈਂ ਹਰ ਥਾਂ ਜੀਵਨ ਘੱਲਿਆ,
ਤੁਸੀਂ ਹਥੌੜਿਆਂ ਨਾਲ਼ ਗਏ ਮੁਕਾਈ।
ਕਿੰਨੇ ਪੁੱਤ ਖਾ ਲਏ ਮਾਵਾਂ ਦੇ,
ਤੁਹਾਡੀਆਂ ਇਹਨਾਂ ਸਰਹੱਦਾਂ ਨੇ।
ਜਿਨ੍ਹਾਂ ਖੇਤ ’ਚ ਸੋਨਾ ਬੀਜਣਾ ਸੀ,
ਰਾਖੀਆਂ ਕਰਨ ਜਵਾਨੀ ਲਾਈ।
ਕਿੰਨੀਆਂ ਵਿਧਵਾ ਤੇ ਸਜੀਆਂ ਸੇਜਾਂ,
ਸੁੰਨੀਆਂ ਕਰਗੀ ਤੁਹਾਡੀ ਮਨ ਆਈ।
ਕਿੰਨੇ ਕਵੀ ਤੇ ਕਲਮਾਂ ਰੋ ਮੋਈਆਂ,
ਸਰਹੱਦਾਂ ਦੇ ਦੋਵੇਂ ਪਾਸਿਓਂ, ਦੇ-ਦੇ ਦੁਹਾਈ।
ਵਿਛੋੜਿਆਂ ਦੀ ਯਾਦ 'ਚ ਤੜਫ ਕੇ ਮੈਂ,
ਕਲਮ ਜਦ ਸਰਬ ਦੇ ਹੱਥ ਫੜਾਈ।
ਮੈਥੋਂ ਨਹੀਂ ਰਿਹਾ ਗਿਆ ਵੇਖ ਕੇ,
ਜਦ ਕਲਮ ਉਹਦੀ ਕੁਰਲਾਈ।
ਮੈਂ ਤੁਹਾਨੂੰ ਆਪ ਸਮਝਾਵਣ ਤੁਰ ਪਈ,
ਨਾ ਵੰਡੋ, ਨਾ ਵੰਡੋ, ਮੈਂ ਧਰਤੀ ਸਭ ਦੀ ਮਾਈ।